ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 27 ਨਵੰਬਰ
ਦਲਬੀਰ ਚੇਤਨ ਯਾਦਗਾਰੀ ਮੰਚ ਵੱਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ ਕਥਾਕਾਰ ਦਲਬੀਰ ਚੇਤਨ ਯਾਦਗਾਰੀ ਪੁਰਸਕਾਰ, ਸਨਮਾਨ ਸਮਾਗਮ ਵਿਚ ਇਸ ਵਰ੍ਹੇ ਦੇ ਜੇਤੂ ਕਹਾਣੀਕਾਰ ਗੁਰਮੀਤ ਕੜਿਆਲਵੀ ਅਤੇ ਸੁਖਪਾਲ ਥਿੰਦ ਨੂੰ ਭੇਟ ਕੀਤੇ ਗਏ, ਜਦੋਂਕਿ ਕਹਾਣੀਕਾਰ ਮੁਖਤਾਰ ਗਿੱਲ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਮੰਚ ਦੇ ਕਨਵੀਨਰ ਪਰਵਾਸੀ ਸਾਹਿਤਕਾਰ ਅਜੈ ਤਨਵੀਰ ਅਤੇ ਨਵਚੇਤਨ ਹੁਰਾਂ ਦੇ ਫੋਨ ਸੰਦੇਸ਼ ਰਾਹੀਂ ਸ਼ੁਰੂ ਹੋਏ ਇਸ ਸਮਾਗਮ ਵਿਚ ਹਰਜਿੰਦਰ ਕੌਰ ਚੇਤਨ ਨੇ ਸਵਾਗਤੀ ਸ਼ਬਦ ਕਹੇ ਅਤੇ ਡਾ. ਸਰਘੀ ਨੇ ਚੇਤਨ ਪਰਿਵਾਰ ਵਲੋਂ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪੁਰਸਕਾਰ ਗਲਪ ਲੇਖਕਾਂ ਅੰਦਰ ਜ਼ਿੰਮੇਵਾਰੀ ਅਤੇ ਊਰਜਾ ਬਣਾਈ ਰਖਦੇ ਹਨ। ਸ਼ਾਇਰ ਬੀਬਾ ਬਲਵੰਤ ਨੇ ਦਲਬੀਰ ਚੇਤਨ ਹੁਰਾਂ ਨਾਲ ਆਪਣੀ ਅਦਬੀ ਸਾਂਝ ਦੀਆਂ ਭਾਵੁਕ ਗੱਲਾਂ ਕੀਤੀਆਂ। ਖਾਲਸਾ ਕਾਲਜ ਤੋਂ ਡਾ. ਆਤਮ ਰੰਧਾਵਾ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜੋਕੀ ਪੰਜਾਬੀ ਕਹਾਣੀ ਵਿਚ ਕੜਿਆਲਵੀ ਅਤੇ ਥਿੰਦ ਦਾ ਗੌਲਣਯੋਗ ਸਥਾਨ ਹੈ।