ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ ’ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਕਮੇਟੀ ਮੈਂਬਰ ਕਾਰਜ ਸਿੰਘ ਘਰਿਆਲਾ, ਮੰਗਲ ਸਿੰਘ ਰਾਮਪੁਰਾ, ਦਵਿੰਦਰ ਸਿੰਘ ਚਾਟੀਵਿੰਡ ਦੀ ਅਗਵਾਈ ਵਿੱਚ ਦਿੱਲੀ ਸੰਘਰਸ਼ ਵਾਸਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2022 ਲਿਆ ਕੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਮੁਕੰਮਲ ਰੂਪ ਵਿਚ ਬੰਦ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਅਸਲ ਮੁਲਜ਼ਮ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਾਹਰ ਕੀਤਾ ਜਾਵੇ ਅਤੇ ਕਿਸਾਨਾਂ ’ਤੇ ਝੂਠੇ ਦਰਜ ਹੋਏ ਕੇਸ ਵਾਪਸ ਕੀਤੇ ਜਾਣ, ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਅਤੇ ਪਰਿਵਾਰ ਵਿਚੋ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਮੁਖਤਾਰ ਸਿੰਘ ਤਲਵੰਡੀ, ਗੁਰਸਾਹਿਬ ਸਿੰਘ ਚਾਟੀਵਿੰਡ, ਕਾਬਲ ਸਿੰਘ ਵਰਿਆਂ, ਸੰਦੀਪ ਸਿੰਘ ਚਾਟੀਵਿੰਡ, ਹਰਪਾਲ ਸਿੰਘ ਪੰਡੋਰੀ, ਸਤਨਾਮ ਸਿੰਘ ਜੰਡਿਆਲਾ ਗੁਰੂ ਆਦਿ ਕਿਸਾਨ ਆਗੂ ਹਾਜ਼ਰ ਸਨ।