ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 16 ਅਕਤੂਬਰ
ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ ਡਾ. ਮਹਿਤਾਬ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਏ.ਸੀ.ਪੀ ਲਾਇਸੈਂਸਿੰਗ ਸਰਬਜੀਤ ਸਿੰਘ ਪੀ.ਪੀ.ਐੱਸ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਥਾਣਾ ਮੁਖੀ ਇਸਲਾਮਾਬਾਦ ਇੰਸਪੈਕਟਰ ਪ੍ਰਨੀਤ ਸਿੰਘ ਦੀ ਅਗਵਾਈ ਹੇਠ ਐੱਸ.ਆਈ ਅਰਜੁਨ ਸਿੰਘ ਸਮੇਤ ਪੁਲੀਸ ਪਾਰਟੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਕਮਿਸ਼ਨਰੇਟ ਪੁਲੀਸ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਦੱਸਿਆ ਹੈ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਤਿੰਨ ਮੁਲਜ਼ਮਾਂ ਰਾਹੁਲ ਉਰਫ ਬੈਸਟ ਪੁੱਤਰ ਰਵੀ ਕੁਮਾਰ, ਮਨਿੰਦਰ ਸਿੰਘ ਉਰਫ ਹਨੀ ਪੁੱਤਰ ਬਲਦੇਵ ਸਿੰਘ ਅਤੇ ਸੰਨੀ ਕੁਮਾਰ ਉਰਫ ਨੋਨਾ ਪੁੱਤਰ ਦਰਸ਼਼ਨ ਲਾਲ ਵਾਸੀਆਨ ਇੰਦਰਾ ਕਲੋਨੀ ਝਬਾਲ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੇ 2 ਦਾਤਰ ਅਤੇ 5 ਮੋਬਾਈਲ ਫੋਨ, 2 ਚਾਂਦੀ ਕੇ ਕੜੇ ਅਤੇ ਤਿੰਨ ਐਕਟਿਵਾ ਸਕੂਟੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਨੇ ਇੱਕ ਗੈਂਗ ਬਣਾਇਆ ਹੈ ਅਤੇ ਉਹ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਤੇਜ਼ਧਾਰ ਹਥਿਆਰਾਂ ਦੀ ਨੋਕ ਉੱਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਲੁੱਟਾਂ ਖੋਹਾਂ ਕਰਨ ਦੇ ਦੋਸ਼ ਹੇਠ 3 ਗ੍ਰਿਫਤਾਰ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ) ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਲੁੱਟਾਂ ਖੋਹਾਂ ਕਰਨ ਵਾਲੇ ਇਕ ਗੈਂਗ ਦਾ ਭਾਂਡਾ ਭੰਨਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਪੰਜ ਮੋਬਾਈਲ ਫੋਨ, ਦੋ ਚਾਂਦੀ ਦੇ ਕੜੇ, ਦੋ ਤੇਜ਼ਧਾਰ ਹਥਿਆਰ ਤੇ ਤਿੰਨ ਸਕੂਟਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਰਾਹੁਲ ਉਰਫ ਬੈਸਟ, ਮਨਿੰਦਰ ਸਿੰਘ ਉਰਫ ਹਨੀ ਅਤੇ ਸੰਨੀ ਕੁਮਾਰ ਵਜੋਂ ਹੋਈ ਹੈ। ਇਹ ਸਾਰੇ ਹੀ ਝਬਾਲ ਰੋਡ ਨੇੜੇ ਇੰਦਰਾ ਕਾਲੋਨੀ ਦੇ ਵਾਸੀ ਹਨ। ਥਾਣਾ ਇਸਲਾਮਾਬਾਦ ਦੇ ਐੱਸਐੱਚਓ ਪਰਨੀਤ ਸਿੰਘ ਨੇ ਦੱਸਿਆ ਕਿ ਇਸੇ ਗੈਂਗ ਵੱਲੋਂ 29 ਸਤੰਬਰ ਨੂੰ ਖੂਹ ਭੱਲਿਆਂਵਾਲਾ ਕੋਲੋਂ ਇਕ ਵਿਅਕਤੀ ਕੋਲੋਂ ਤੀਹ ਹਜ਼ਾਰ ਰੁਪਏ ਲੁੱਟੇ ਸੀ। ਤਿੰਨ ਦਿਨ ਪਹਿਲਾਂ ਇਨ੍ਹਾਂ ਚੌਕ ਮੋਨੀ ਕੋਲੋਂ ਇਕ ਵਿਅਕਤੀ ਕੋਲੋਂ ਸਕੂਟਰ ਖੋਹਿਆ ਹੈ। ਬੀਤੇ ਕੱਲ੍ਹ ਢੀਂਗਰਾ ਹਸਪਤਾਲ ਨੇੜੇ ਵਾਪਰੀ ਇਕ ਘਟਨਾ ’ਚ ਇਨ੍ਹਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਇਕ ਵਿਅਕਤੀ ਕੋਲੋਂ ਸਕੂਟਰ ਖੋਹਿਆ ਹੈ। ਇਸੇ ਤਰ੍ਹਾਂ ਕੱਲ੍ਹ ਹੀ ਈ ਰਿਕਸ਼ਾ ਤੇ ਰੇਲਵੇ ਸਟੇਸ਼ਨ ਜਾ ਰਹੇ ਇਕ ਪਤੀ ਪਤਨੀ ਕੋਲੋਂ ਇਨ੍ਹਾਂ ਨੇ ਪੰਜ ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫੋਨ ਖੋਹਿਆ ਹੈ। ਲੁੱਟ ਦਾ ਸ਼ਿਕਾਰ ਹੋਏ ਬਿਸ਼ੰਬਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਸਵੇਰੇ ਪਤਨੀ ਨਾਲ ਰੇਲਵੇ ਸਟੇਸ਼ਨ ’ਤੇ ਜਾ ਰਿਹਾ ਸੀ। ਇਸ ਦੌਰਾਨ ਸਕੂਟਰ ’ਤੇ ਸਵਾਰ ਤਿੰਨ ਵਿਅਕਤੀ ਆਏ ਤੇ ਉਨ੍ਹਾਂ ਤੇਜ਼ਧਾਰ ਹਥਿਆਰ ਦੀ ਨੋਕ ਤੇ ਉਨ੍ਹਾਂ ਨੂੰ ਰੋਕ ਲਿਆ। ਇਹ ਲੁਟੇਰੇ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਤੇ ਪੰਜ ਹਜ਼ਾਰ ਰੁਪਏ ਨਕਦ ਖੋਹ ਲਏ।