ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਨਵੰਬਰ
ਇੱਥੋਂ ਥੋੜ੍ਹੀ ਦੂਰ ਸੰਗਲ ਸੋਹਲ ’ਚ ਰਸਾਇਣ ਫੈਕਟਰੀ ਨੂੰ ਅੱਗ ਲੱਗ ਗਈ। ਇਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਬੁਝਾਉਣ ਨੂੰ ਲਗਭਗ 5 ਘੰਟੇ ਲੱਗੇ। ਫਾਇਰ ਅਫ਼ਸਰ ਜਸਵੰਤ ਸਿੰਘ ਕਾਹਲੋਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਦਫ਼ਤਰ ਵਿਚ ਤੜਕੇ ਚਾਰ ਵਜੇ ਸੂਚਨਾ ਮਿਲੀ ਸੀ ਕਿ ਪਿੰਡ ਸੰਗਲ ਸੋਹਲ ਵਿਚ ਰਸਾਇਣ ਫੈਕਟਰੀ ਨੂੰ ਅੱਗ ਲੱਗ ਗਈ ਹੈ।
ਉਨ੍ਹਾਂ ਦੱਸਿਆ ਕਿ ਫੈਕਟਰੀ ’ਚ ਪਲਾਸਟਿਕ ਦਾ ਸਾਮਾਨ ਪਿਆ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਜਦੋਂ ਅੱਗ ਜ਼ਿਆਦਾ ਫੈਲ ਗਈ ਤਾਂ ਫਾਇਰ ਬ੍ਰਿਗੇਡ ਦੇ ਸਬ-ਸਟੇਸ਼ਨਾਂ ’ਤੇ ਖੜ੍ਹੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਬੁਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ’ਤੇ ਕਾਬੂ ਪਾਉਣ ਲਈ 30 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਸਨ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਫੈਕਟਰੀ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਹਲਵਾਈ ਦੀ ਦੁਕਾਨ ਨੂੰ ਅੱਗ ਲੱਗੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੇ ਬਸੰਤ ਐਵੇਨਿਊ ਮਾਰਕੀਟ ਵਿਚ ਹਲਵਾਈ ਦੀ ਦੁਕਾਨ ’ਤੇ ਅਚਨਚੇਤੀ ਅੱਗ ਲੱਗ ਗਈ। ਇਸ ਦੌਰਾਨ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਅੱਗ ਹੋਰ ਫੈਲ ਗਈ। ਅੱਗ ਕਾਰਨ ਦੁਕਾਨ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ’ਤੇ ਕਾਬੂ ਪਾ ਕੇ ਨਾਲ ਦੀਆਂ ਦੁਕਾਨਾਂ ਨੂੰ ਨੁਕਸਾਨ ਤੋਂ ਬਚਾ ਲਿਆ ਹੈ। ਵਿਭਾਗ ਦੇ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਦੁਕਾਨ ਵਿਚ ਕੰਮ ਦੌਰਾਨ ਅਚਾਨਕ ਅੱਗ ਲੱਗ ਗਈ। ਇਸ ਕਾਰਨ ਗੈਸ ਸਿਲੰਡਰ ਵੀ ਅੱਗ ਦੀ ਲਪੇਟ ਵਿਚ ਆ ਕੇ ਫਟ ਗਿਆ। ਅੱਗ ਨੇ ਦੁਕਾਨ ਦੀਆਂ ਉੱਪਰਲੀਆਂ ਮੰਜਿਲਾਂ ਨੂੰ ਵੀ ਲਪੇਟ ਵਿਚ ਲੈ ਲਿਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ ਹੈ। ਇਸ ਨਾਲ ਹੋਰ ਦੁਕਾਨਾਂ ਨੂੰ ਅੱਗ ਦੀ ਲਪੇਟ ਤੋਂ ਬਚਾਇਆ ਗਿਆ ਹੈ। ਇਸ ਦੌਰਾਨ ਅੱਗ ਕਾਰਨ ਦੁਕਾਨ ਵਿਚ ਕੰਮ ਕਰ ਰਿਹਾ ਕਾਮਾ ਵੀ ਅੱਗ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।