ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਮਈ
ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਡਿਸਮਿਸਲਾਂ ਤੇ ਵਿਕਟੇਮਾਈਜੇਸ਼ਨਾਂ ਦੇ ਮਸਲੇ ਹੱਲ ਕਰਾਉਣ ਅਤੇ ਹੋਰ ਮੰਗਾਂ ਸਬੰਧੀ ਸੂਬਾ ਜਨਰਲ ਸਕੱਤਰ ਪ੍ਰਮੋਦ ਕੁਮਾਰ ਅਤੇ ਸੂਬਾ ਸਹਾਇਕ ਸਕੱਤਰ ਕ੍ਰਿਸ਼ਨ ਸਿੰਘ ਜੇਠੂਵਾਲ ਦੀ ਅਗਵਾਈ ਹੇਠ ਵਫ਼ਦ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਮਿਲਿਆ। ਵਫ਼ਦ ਵੱਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਬਿਜਲੀ ਮੰਤਰੀ ਨੂੰ ਜਾਣੂ ਕਰਾਇਆ ਗਿਆ।
ਇਸ ਦੌਰਾਨ ਵਫ਼ਦ ਨੇ ਮੰਗ ਕੀਤੀ ਕਿ ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਪੈਨਸ਼ਨਾਂ ਵਿੱਚ ਕੀਤੀ ਕਟੌਤੀ ਦਾ ਫ਼ੈਸਲਾ ਵਾਪਸ ਲਿਆ ਜਾਵੇ, ਮੁਕਤਸਰ ਸਰਕਲ ਦੇ ਸਾਥੀਆਂ ਦਾ ਸਸਪੈਂਸ਼ਨ ਸਮਾਂ ਰੈਗੂਲਰ ਕੀਤਾ ਜਾਵੇ, ਵਧੇ ਕੰਮ ਭਾਰ ਮੁਤਾਬਿਕ ਰੈਗੂਲਰ ਭਰਤੀ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਖ਼ਤਮ ਕੀਤੀ ਜਾਵੇ, ਨਵੇਂ ਭਰਤੀ ਮੁਲਾਜ਼ਮਾਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਮੌਕੇ ਬਿਜਲੀ ਮੰਤਰੀ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ ਸੀਐਮਡੀ ਨੂੰ ਮਾਮਲਾ ਬੀਓਡੀ ਦੀ ਮੀਟਿੰਗ ਵਿੱਚ ਲਿਆ ਕੇ ਹੱਲ ਕਰਨ ਲਈ ਕਹਿ ਦਿੱਤਾ ਜਾਵੇਗਾ।
ਇਸ ਮੌਕੇ ਵਫ਼ਦ ਵਿੱਚ ਅੰਮ੍ਰਿਤਸਰ ਸਰਕਲ ਦੇ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਗੁਰਦਾਸਪੁਰ ਸਰਕਲ ਦੇ ਪ੍ਰਧਾਨ ਜਗਤਾਰ ਸਿੰਘ ਖੁੰਡਾ, ਤਰਨ ਤਾਰਨ ਸਰਕਲ ਦੇ ਪ੍ਰਧਾਨ ਕੰਵਲਜੀਤ ਸਿੰਘ ਬੁਟਾਰੀ, ਸੁਖਪਾਲ ਸਿੰਘ ਮਜੀਠਾ, ਕੁੰਦਨ ਲਾਲ, ਰਘਬੀਰ ਸਿੰਘ ਮਜੀਠਾ ਅਤੇ ਹੋਰ ਆਗੂ ਹਾਜ਼ਰ ਸਨ।