ਦਿਲਬਾਗ ਸਿੰਘ ਗਿੱਲ
ਅਟਾਰੀ, 16 ਮਈ
ਦਿੱਲੀ ਸਥਿਤ ਹਜਰਤ ਅਮੀਰ ਖੁਸਰੋ ਦੀ ਦਰਗਾਹ ’ਤੇ ਮਨਾਏ ਜਾ ਰਹੇ ਸਾਲਾਨਾ ਉਰਸ ਮੌਕੇ ਸਿਜਦਾ ਕਰਨ ਲਈ ਅੱਜ ਪਾਕਿਸਤਾਨ ਤੋਂ ਜ਼ੈਰੀਨ ਮੁਸਲਮਾਨ ਸ਼ਰਧਾਲੂਆਂ ਦਾ 110 ਮੈਂਬਰੀ ਜਥਾ ਮੁਹੰਮਦ ਰਫੀਕ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਪਾਕਿਸਤਾਨ ਤੋਂ 12 ਦਿਨ ਦਾ ਵੀਜ਼ਾ ਲੈ ਕੇ ਭਾਰਤ ਪੁੱਜੇ ਜਥੇ ਦੇ ਸ਼ਰਧਾਲੂ 16 ਤੋਂ 23 ਮਈ ਤੱਕ ਦਿੱਲੀ ਸਥਿਤ ਹਜਰਤ ਅਮੀਰ ਖੁਸਰੋ ਦੀ ਦਰਗਾਹ ’ਤੇ ਹਾਜ਼ਰੀ ਭਰਨਗੇ। ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਜਥਾ ਅਟਾਰੀ ਸਰਹੱਦ ਤੋਂ ਨਿੱਜੀ ਬੱਸਾਂ ਰਾਹੀਂ ਸੁਰੱਖਿਆ ਪ੍ਰਬੰਧਾਂ ਹੇਠ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਹੋਇਆ ਤੇ ਉੱਥੋਂ ਰੇਲ ਗੱਡੀ ਰਾਹੀਂ ਦਿੱਲੀ ਪੁੱਜਿਆ।