ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਮਾਰਚ
ਪੁਲੀਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਸ਼ੇਰੋਂ ਬਾਘਾ ਵਿੱਚ ਦਲਿਤ ਪਰਿਵਾਰ ਨਾਲ ਕੀਤੀ ਜਾ ਰਹੀ ਜ਼ਿਆਦਤੀ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਪੁੱਜਾ ਹੈ। ਪਿੰਡ ਸ਼ੇਰੋਂ ਬਾਘਾ ਦੀ ਸੁਰਿੰਦਰਪਾਲ ਕੌਰ ਪਤਨੀ ਸੁਖਚੈਨ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸ਼ਿਕਾਇਤ ਦੀ ਕਾਪੀ ਸੌਂਪਦਿਆਂ ਪਿੰਡ ਦੇ ਉੱਚ ਜਾਤੀ ਨਾਲ ਸਬੰਧਤ ਸਰਪੰਚ ਸਮੇਤ ਕਈ ਹੋਰ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਮਹਿਲਾ ਕੋਲੋਂ ਸ਼ਿਕਾਇਤ ਪ੍ਰਾਪਤ ਕਰਨ ਮਗਰੋਂ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਕੌਮੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਸੁਪਰੀਮੋ ਸਤਨਾਮ ਸਿੰਘ ਗਿੱਲ, ਚੇਅਰਮੈਨ ਲਖਬੀਰ ਸਿੰਘ ਮਿਹੋਕਾ, ਲਖਵਿੰਦਰ ਸਿੰਘ ਤੇ ਰੇਸ਼ਮ ਸਿੰਘ ਕੋਹਾਲੀ, ਪੀਏ ਗੁਰਪ੍ਰੀਤ ਸਿੰਘ ਖਾਲਸਾ ਆਧਾਰਤ ਟੀਮ ਨੇ ਬਲਾਕ ਰਈਆ ਦੇ ਪਿੰਡ ਸ਼ੇਰੋਂ ਬਾਘਾ ਦੀ ਨੂੰਹ ਸੁਰਿੰਦਰਪਾਲ ਕੌਰ ਨੂੰ ਅੱਜ ਇਥੇ ਕਮਿਸ਼ਨ ਨਾਲ ਮਿਲਾਇਆ। ਕਮਿਸ਼ਨ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਧਿਆਨ ’ਚ ਲਿਆਂਦਾ ਹੈ ਕਿ ਪਿੰਡ ਸ਼ੇਰੋਂ ਬਾਘਾ ਦੀਆਂ 70 ਬੀਬੀਆਂ ਹੋਰ ਹਨ, ਜਿਨ੍ਹਾਂ ਨਾਲ ਪਿੰਡ ’ਚ ‘ਕਣਕ’ ਵੰਡਣ ਮੌਕੇ ਖੁਰਾਕ ਸਪਲਾਈ ਵਿਭਾਗ ਦੇ ਸਥਾਨਕ ਅਮਲੇ ਤੇ ਡੀਪੂ ਹੋਲਡਰ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ, ਜਿਸ ਦੀ ਵੀਡੀਓਗ੍ਰਾਫੀ ਵੀ ਪੀੜਤਾਂ ਨੇ ਕਮਿਸ਼ਨ ਅੱਗੇ ਪੇਸ਼ ਕੀਤੀ ਹੈ। ਡਾ. ਸਿਆਲਕਾ ਨੇ ਦੱਸਿਆ ਕਿ ਕਮਿਸ਼ਨ ਨੇ ਡੀਐੱਸਪੀ ਬਾਬਾ ਬਕਾਲਾ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਕਮਿਸ਼ਨ ਮਾਮਲੇ ਸਬੰਧੀ ਨੋਟਿਸ ਨਹੀਂ ਲੈ ਲੈਂਦਾ, ਪੀੜਤ ਸੁਰਿੰਦਰਪਾਲ ਕੌਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।