ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਬੀਤੇ ਕੱਲ੍ਹ ਇਥੇ ਬੱਸ ਅੱਡੇ ਨੇੜੇ ਇਕ ਹੋਟਲ ਦੇ ਕਮਰੇ ’ਚ ਇਕ ਮੁੰਡੇ ਤੇ ਕੁੜੀ ਦੀ ਮਿਲੀ ਲਾਸ਼ ਸਬੰਧੀ ਅੱਜ ਪੁਲੀਸ ਨੇ ਕਤਲ ਤੇ ਅਸਲਾ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਹੈੈ ਤੇ ਕੇਸ ’ਚ ਮ੍ਰਿਤਕ ਮੁੰਡੇ ਨੂੰ ਨਾਮਜ਼ਦ ਕੀਤਾ ਗਿਆ ਹੈ। ਮ੍ਰਿਤਕ ਕੁੜੀ ਦੇ ਪਿਤਾ ਧਿਆਨ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਏ ਡਿਵੀਜ਼ਨ ਦੀ ਪੁਲੀਸ ਨੇ ਮ੍ਰਿਤਕ ਦੇ ਮੁੰਡੇ ਪ੍ਰਭਨੂਰ ਸਿੰਘ ਵਾਸੀ ਰਾਮਪੁਰਾ ਖ਼ਿਲਾਫ਼ ਧਾਰਾ 302 ਤੇ ਅਸਲਾ ਐਕਟ ਦੀ ਧਾਰਾ 25, 27, 54, 59 ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਘਟਨਾ ਵਾਲੀ ਥਾਂ ਤੋਂ 32 ਬੋਰ ਦਾ ਰਿਵਾਲਵਰ, 4 ਗੋਲੀਆਂ ਤੇ ਦੋ ਗੋਲੀਆਂ ਦੇ ਖੋਲ ਮਿਲੇ ਹਨ। ਸਬ ਇੰਸਪੈਕਟਰ ਨਰਾਇਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਹਰਸਿਮਰਨਦੀਪ ਕੌਰ ਦੇ ਪਿਤਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ, ਜਿਸ ਨੇ ਦੱਸਿਆ ਕਿ ਉਸਦੀ ਬੇਟੀ ਸਵੇਰੇ 9 ਵਜੇ ਆਈਲੈਟਸ ਸੈਂਟਰ ’ਚ ਪੜ੍ਹਾਈ ਲਈ ਗਈ ਸੀ। ਜਦੋਂ ਉਹ ਘਰ ਵਾਪਸ ਨਹੀਂ ਪੁੱਜੀ ਤਾਂ ਉਹ ਤੇ ਉਸਦੀ ਪਤਨੀ ਦੋਵੇਂ ਪਤਾ ਕਰਨ ਆਈਲੈਟਸ ਸੈਂਟਰ ਗਏ। ਜਿਥੋਂ ਪਤਾ ਲੱਗਾ ਕਿ ਉਹ ਕਲਾਸ ਲਾਉਣ ਵਾਸਤੇ ਨਹੀਂ ਆਈ। ਇਸੇ ਦੌਰਾਨ ਉਸਨੂੰ ਬੱਸ ਅੱਡੇ ਨੇੜੇ ਇਕ ਹੋਟਲ ’ਚ ਪੁੱਜਣ ਲਈ ਫੋਨ ਆਇਆ। ਜਦੋਂ ਉਹ ਦੋਵੇਂ ਹੋਟਲ ਦੇ ਕਮਰਾ ਨੰ. 202 ’ਚ ਪੁੱਜੇ ਤਾਂ ਉਸਦੀ ਬੇਟੀ ਦੀ ਲਾਸ਼ ਬੈੱਡ ’ਤੇ ਪਈ ਸੀ ਤੇ ਉਸਦੇ ਸਿਰ ’ਚ ਗੋਲੀ ਲੱਗਣ ਦਾ ਨਿਸ਼ਾਨ ਸੀ। ਨੇੜੇ ਹੀ ਪ੍ਰਭਨੂਰ ਦੀ ਲਾਸ਼ ਪਈ ਸੀ ਤੇ ਉਸਦੇ ਸਿਰ ’ਚ ਵੀ ਗੋਲੀ ਲੱਗੀ ਹੋਈ ਸੀ। ਉਸਨੇ ਦੋਸ਼ ਲਾਇਆ ਕਿ ਇਹ ਮੁੰਡਾ ਉਸਦੀ ਧੀ ਨੂੰ ਬਹਿਕਾ ਕੇ ਹੋਟਲ ਲੈ ਗਿਆ ਤੇ ਉਥੇ ਉਸਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਮਗਰੋਂ ਖੁਦ ਨੂੰ ਵੀ ਗੋਲੀ ਮਾਰ ਲਈ। ਵੇਰਵਿਆਂ ਮੁਤਾਬਕ ਦੋਵਾਂ ਵਿਚਾਲੇ ਪ੍ਰੇਮ ਸਬੰਧ ਸੀ ਪਰ ਵਿਆਹ ਬਾਰੇ ਪਰਿਵਾਰ ਦੀ ਸਹਿਮਤੀ ਨਾ ਹੋਣ ਕਾਰਨ ਇਹ ਘਟਨਾ ਵਾਪਰੀ।
ਸਰਪੰਚ ਦੇ ਲੜਕੇ ਵਿਰੁੱਧ ਕੇਸ ਦਰਜ
ਧਾਰੀਵਾਲ (ਪੱਤਰ ਪ੍ਰੇਰਕ) ਜੀ.ਓ.ਜੀ ਕਰਮਚਾਰੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿੰਡ ਮਾਲੀ ਸਮਰਾਏ ਦੀ ਮੌਜੂਦਾ ਸਰਪੰਚ ਦੇ ਲੜਕੇ ਵਿਰੁੱਧ ਧਾਰਾ 323, 295, 506 ਤਹਿਤ ਥਾਣਾ ਧਾਰੀਵਾਲ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਬਲਦੇਵ ਸਿੰਘ ਵਾਸੀ ਮਾਲੀ ਸਮਰਾਏ ਨੇ ਪੁਲੀਸ ਨੂੰ ਦੱਸਿਆ ਕਿ ਉਹ ਜੀਓਜੀ ਵਿੱਚ ਸਰਵਿਸ ਕਰਦਾ ਹੈ। ਮਹਿਕਮੇ ਨੇ ਉਸਨੂੰ ਤਿੰਨ ਪਿੰਡ ਮਾਲੀ ਸਮਰਾਏ, ਸ਼ਾਹਪੁਰ ਰਜਾਦਾ ਤੇ ਅਹਿਮਦਾਬਾਦ ’ਚ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਕੀਤੇ ਜਾ ਰਹੇ ਕੰਮਾਂ ਦੀ ਰਿਪੋਰਟ ਦੇਣ ਲਈ ਲਗਾਇਆ ਹੈ। ਜਦੋਂ ਉਹ (ਬਲਦੇਵ ਸਿੰਘ) ਪਿੰਡ ਮਾਲੀ ਸਮਰਾਏ ਚਲਦੇ ਕੰਮ ਨੂੰ ਦੇਖਣ ਗਿਆ ਤੇ ਚੱਲ ਰਹੇ ਕੰਮ ਦੀ ਫੋਟੋ ਖਿੱਚੀ ਤਾਂ ਇੰਨੇ ਨੂੰ ਸਰਪੰਚ ਆਸ਼ਾ ਰਾਣੀ ਦਾ ਲੜਕਾ ਜਤਿੰਦਰਪਾਲ ਉਰਫ ਜੱਜ ਨੇ ਕਹੀ ਦੇ ਦਸਤੇ ਨਾਲ ਉਸ ਨੂੰ ਸੱਟਾਂ ਮਾਰੀਆਂ ਤੇ ਮੌਕਾ ਤੋਂ ਫਰਾਰ ਹੋ ਗਿਆ।