ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਜੁਲਾਈ
ਸਥਾਨਕ ਬੱਸ ਅੱਡੇ ’ਤੇ ਅੱਜ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ’ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਹ ਵਾਲ ਵਾਲ ਬਚੇ ਹਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬਲਦੇਵ ਸਿੰਘ ਬੱਬੂ ਆਪਣੀ ਕਾਰ ਪਾਰਕ ਕਰ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੇ ਸਹਾਇਕ ਕਮਿਸ਼ਨਰ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬੱਬੂ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਬੱਸ ਅੱਡੇ ’ਤੇ ਪੁੱਜੇ ਸਨ। ਉਹ ਆਪਣੀ ਕਾਰ ਵਿੱਚ ਸਵਾਰ ਸਨ ਤੇ ਉਨ੍ਹਾਂ ਆਪਣੇ ਆਲੇ ਦੁਆਲੇ ਦੋ ਸ਼ੱਕੀ ਵਿਅਕਤੀਆਂ ਦੀ ਆਮਦ ਨੂੰ ਮਹਿਸੂਸ ਵੀ ਕੀਤਾ ਸੀ। ਜਦੋਂ ਉਹ ਬੱਸ ਅੱਡੇ ਵਿੱਚ ਆਪਣੀ ਕਾਰ ਖੜ੍ਹੀ ਕਰ ਰਹੇ ਸਨ ਤਾਂ ਉਨ੍ਹਾਂ ਉਪਰ ਗੋਲੀ ਚਲਾਈ ਗਈ। ਇਹ ਗੋਲੀਆਂ ਉਸ ਦੀ ਕਾਰ ’ਤੇ ਵੱਜੀਆਂ ਹਨ ਜਿਸ ਨਾਲ ਬੱਸ ਅੱਡੇ ਦੇ ਇਸ ਇਲਾਕੇ ਵਿੱਚ ਉਸ ਵੇਲੇ ਸਹਿਮ ਵਾਲਾ ਮਾਹੌਲ ਬਣ ਗਿਆ। ਇਸ ਦੌਰਾਨ ਹਮਲਾਵਰ ਮੌਕੇ ਤੋਂ ਭੱਜ ਗਏ। ਇੱਥੇ ਜ਼ਿਕਰਯੋਗ ਹੈ ਕਿ ਜਿਸ ਥਾਂ ’ਤੇ ਘਟਨਾ ਵਾਪਰੀ ਉਸ ਤੋਂ ਕੁਝ ਮੀਟਰ ਦੂਰੀ ’ਤੇ ਹੀ ਬੱਸ ਅੱਡੇ ਵਿੱਚ ਪੁਲੀਸ ਚੌਕੀ ਸਥਾਪਤ ਹੈ । ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਸਨ। ਪੁਲੀਸ ਵੱਲੋਂ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਹਮਲਾਵਰਾਂ ਦੀ ਸ਼ਨਾਖਤ ਦਾ ਪਤਾ ਲਾਇਆ ਜਾ ਸਕੇ।