ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਅਗਸਤ
ਇੱਥੋਂ ਦੇ ਦੁਰਗਿਆਨਾ ਮੰਦਰ ਦੇ ਸਰੋਵਰ ਵਿੱਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਕਰਨ ਕੁਮਾਰ ਵਜੋਂ ਹੋਈ ਹੈ। ਇਹ ਵਿਅਕਤੀ ਦੋ ਦਿਨ ਤੋਂ ਆਪਣੇ ਘਰ ਤੋਂ ਲਾਪਤਾ ਸੀ।
ਅੱਜ ਮੰਦਰ ਵਿੱਚ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਲਾਸ਼ ਦੇਖੀ ਅਤੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ। ਪ੍ਰਬੰਧਕਾਂ ਵੱਲੋਂ ਸੂਚਿਤ ਕੀਤੇ ਜਾਣ ਮਗਰੋਂ ਪੁਲੀਸ ਨੇ ਇਸ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਲਾਸ਼ ਦੇ ਕੱਪੜਿਆਂ ਵਿੱਚੋਂ ਇਕ ਆਧਾਰ ਕਾਰਡ ਮਿਲਿਆ ਜਿਸ ਤੋਂ ਮ੍ਰਿਤਕ ਦੀ ਸ਼ਨਾਖਤ ਹੋਈ ਹੈ।
ਦੁਰਗਿਆਨਾ ਮੰਦਰ ਪੁਲੀਸ ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਕਰਨ ਕੁਮਾਰ ਵਾਸੀ ਗਲੀ ਗੰਢਾਂ ਵਾਲੀ ਨਮਕ ਮੰਡੀ ਵਜੋਂ ਹੋਈ ਹੈ। ਪੁਲੀਸ ਨੇ ਇਸ ਸਬੰਧ ਵਿੱਚ ਪਰਿਵਾਰ ਨੂੰ ਵੀ ਸੂਚਿਤ ਕੀਤਾ ਹੈ। ਪਰਿਵਾਰ ਵੱਲੋਂ ਪੁਲੀਸ ਨੂੰ ਦੱਸਿਆ ਗਿਆ ਕਿ ਕਰਨ ਕੁਮਾਰ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ।
ਪੁਲੀਸ ਨੇ ਫਿਲਹਾਲ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 174 ਹੇਠ ਕਾਰਵਾਈ ਕੀਤੀ ਹੈ। ਇਹ ਲਾਸ਼ ਅੱਜ ਆਪਣੇ ਆਪ ਸਰੋਵਰ ਵਿੱਚ ਉਪਰ ਆ ਗਈ ਸੀ , ਜਿਸ ਨੂੰ ਸ਼ਰਧਾਲੂਆਂ ਨੇ ਦੇਖਿਆ। ਅਜਿਹਾ ਲਗਦਾ ਹੈ ਕਿ ਇਹ ਵਿਅਕਤੀ ਇਕ ਦੋ ਦਿਨ ਪਹਿਲਾਂ ਸਰੋਵਰ ਵਿੱਚ ਡੁੱਬਿਆ ਹੋਵੇਗਾ।