ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 11 ਫਰਵਰੀ
ਇਥੇ ਤੰਗ ਅਤੇ ਭੀੜ-ਭਾੜ ਵਾਲੇ ਦਰਸ਼ਨੀ ਬਾਜ਼ਾਰ ਵਿੱਚ ਅੱਜ ਦੁਪਹਿਰੇ ਕਰੀਬ 12.15 ਵਜੇ ਡਾਇਮੰਡ ਬੇਕਰੀ ਦੀ ਬੇਸਮੈਂਟ ਵਿੱਚ ਅਚਾਨਕ ਅੱਗ ਲੱਗ ਗਈ। ਬੇਸਮੈਂਟ ਵਿੱਚ ਥੱਲੇ ਬਿਜਲੀ ਤੇ ਡੀਜ਼ਲ ਭੱਠੀਆਂ ਲੱਗੀਆਂ ਹੋਈਆਂ ਸੀ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਦੁਪਹਿਰੇ ਅਚਾਨਕ ਧਮਾਕਾ ਹੋਇਆ ਅਤੇ ਅੱਗ ਸਾਰੀ ਬੇਸਮੈਂਟ ਵਿਚ ਫੈਲ ਗਈ। ਇਸ ਨਾਲ ਆਲੇ ਦੁਆਲੇ ਦੇ ਦੁਕਾਨਦਾਰਾਂ ਵਿਚ ਅਫਰਾ-ਤਫਰੀ ਮਚ ਗਈ। ਦੁਕਾਨਦਾਰਾਂ ਨੇ ਫੌਰੀ ਆਪਣੀਆਂ ਦੁਕਾਨਾਂ ਵਿੱਚੋਂ ਸਾਮਾਨ ਕਢਵਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਸੂਚਨਾ ਦੇਣ ਦੇ ਬਾਵਜੂਦ ਫਾਇਰ ਬ੍ਰਿਗੇਡ ਕਰੀਬ ਡੇਢ ਘੰਟੇ ਬਾਅਦ ਮੌਕੇ ’ਤੇ ਪਹੁੰਚੀ ਅਤੇ ਕਈ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇ ਫਾਇਰ ਬਿਗ੍ਰੇਡ ਸਮੇਂ ’ਤੇ ਪਹੁੰਚ ਜਾਂਦੀ ਤਾਂ ਨੁਕਸਾਨ ਘੱਟ ਹੋ ਸਕਦਾ ਸੀ।