ਪੱਤਰ ਪ੍ਰੇਰਕ
ਅੰਮ੍ਰਿਤਸਰ, 17 ਮਈ
ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਦੱਸਿਆ ਕਿ ਸੂਬੇ ਭਰ ਵਿੱਚ ਕਰੋਨਾ ਦੇ ਮਰੀਜ਼ਾਂ ਲਈ 790 ਬੈੱਡ ਹੋਰ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਪਟਿਆਲਾ ਮੈਡੀਕਲ ਕਾਲਜ ਵਿੱਚ 240, ਫਰੀਦਕੋਟ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ 100-100, ਜਲਾਲਾਬਾਦ ਅਤੇ ਬਠਿੰਡਾ ਵਿੱਚ 50-50 ਬੈਡ ਪੱਕੇ ਤੌਰ ’ਤੇ ਸਥਾਪਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਨਾਲ ਮੁਹਾਲੀ ਹਸਪਤਾਲ ਅਤੇ ਬਠਿੰਡਾ ਰਿਫਾਨਿਰੀ ਵਿੱਚ 100-100, ਤਰਨਤਾਰਨ ਅਤੇ ਗੁਰਦਾਸਪੁਰ ਹਸਪਤਾਲ ਵਿੱਚ 25- 25 ਬੈੱਡ ਆਰਜ਼ੀ ਤੌਰ ’ਤੇ ਕਰੋਨਾ ਮਰੀਜ਼ਾਂ ਲਈ ਲਗਾਏ ਜਾ ਰਹੇ ਹਨ। ਆਪਣੇ ਨਿਵਾਸ ’ਤੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਭਰ ਦੇ 7 ਸਰਕਾਰੀ ਹਸਪਤਾਲਾਂ ਵਿੱਚ ਹੁਣ ਤਕ 64 ਲੱਖ 24 ਹਜ਼ਾਰ 719 ਮਰੀਜ਼ਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹੁਣ ਤਕ 2 ਲੱਖ 79 ਹਜ਼ਾਰ 574 ਕੇਸ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ ਵਿੱਚ 17847 ਕਰੋਨਾ ਮਰੀਜ਼ ਦਾਖਲ ਹੋਏ ਸਨ, ਜਿਨ੍ਹਾਂ ਵਿੱਚੋਂ 13037 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਤਿੰਨ ਮੈਡੀਕਲ ਕਾਲਜਾਂ ਵਿੱਚ ਹੁਣ ਤਕ 3872 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ 1359, ਪਟਿਆਲਾ ਮੈਡੀਕਲ ਕਾਲਜ ਵਿੱਚ 1890 ਅਤੇ ਫਰੀਦਕੋਟ ਮੈਡੀਕਲ ਕਾਲਜ ਵਿੱਚ 623 ਵਿਅਕਤੀ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਥੋੜ੍ਹੀ ਘਟੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।