ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਸਤੰਬਰ
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਕੌਮੀ ਅਧਿਆਪਕ ਸਨਮਾਨ ਦਿਨ ਦੀ ਪੂਰਵ ਸੰਧਿਆ ’ਤੇ ਅੱਜ ਸ਼ਾਮ ਨੂੰ 18ਵਾਂ ਸਮਾਗਮ ਵਿਰਸਾ ਵਿਹਾਰ ਕੇਂਦਰ ਵਿੱਚ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਜਥੇਬੰਦੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਪ੍ਰੋਗਰਾਮ ਦੀ ਇਤਿਹਾਸਕ ਮਹੱਤਤਾ, ਲੋੜ ਤੇ ਮੌਜੂਦਾ ਪ੍ਰਸਥਿਤੀਆਂ ਵਿੱਚ ਇਸ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਸਭ ਨੂੰ ਜੀ ਆਇਆਂ ਕਿਹਾ ਤੇ ਸਿੱਖਿਆ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਾਹਿਤ ਤੇ ਸਭਿਆਚਾਰਕ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ।
ਇਸ ਸਬੰਧੀ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ, ਸਕੱਤਰ ਕੰਵਲਨੈਨ ਸਿੰਘ ਤੇ ਭੁਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਥਾਨਕ ਸਰਕਾਰਾ ਬਾਰੇ ਮੰਤਰੀ ਡਾ. ਇੰਦਰੀਬੀਰ ਸਿੰਘ ਨਿੱਝਰ, ਵਿਧਾਇਕ ਡਾ. ਅਜੇ ਗੁਪਤਾ, ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਡੀ.ਈ.ਓ. ਜੁਗਰਾਜ ਸਿੰਘ, ਰੇਖਾ ਮਹਾਜਨ ਅਤੇ ਬਲਰਾਜ ਸਿੰਘ ਢਿੱਲੋਂ ਸ਼ਾਮਲ ਸਨ।
ਮੁੱਖ ਮਹਿਮਾਨ ਡਾ. ਨਿੱਝਰ ਨੇ ਕਿਹਾ ਕਿ ਅਧਿਆਪਕਾਂ ਦੇ ਸਨਮਾਨ ਲਈ ਚੰਗੇ ਅਧਿਆਪਕਾਂ ਦੀ ਸ਼ਨਾਖਤ ਕਰਨ ਦਾ ਕੰਮ ਬਹੁਤ ਔਖਾ ਹੁੰਦਾ ਹੈ, ਪਰ ਫਾਊਂਡੇਸ਼ਨ ਦੇ ਆਗੂ ਜ਼ਿਲ੍ਹਾ ਅਧਿਆਕਾਰੀਆ ਦੀ ਮਦਦ ਨਾਲ ਇਹ ਕੰਮ ਬਾਖੂਬੀ ਨਿਭਾਅ ਰਹੇ ਹਨ। ਉਨ੍ਹਾਂ ਨੇ ਪੰਜਾਬੀ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਆਪਣੀ ਜ਼ੁਬਾਨ ਨੂੰ ਭੁੱਲ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਇਸ ਨੂੰ ਕਦੀ ਵੀ ਫੈਸ਼ਨ ਨਾ ਬਣਨ ਦਿੱਤਾ ਜਾਵੇ। ਵਿਧਾਇਕ ਡਾ. ਅਜੇ ਗੁਪਤਾ ਨੇ ਕਿਹਾ ਕਿ ਚੰਗੇ ਅਧਿਆਪਕਾਂ ਨੇ ਸੂਝਵਾਨ ਵਿਦਿਆਰਥੀ ਪੈਦਾ ਕੀਤੇ ਹਨ ਜਿਸ ਨਾਲ ਦੁਨੀਆ ਭਰ ਵਿੱਚ ਅੰਮ੍ਰਿਤਸਰ ਦਾ ਨਾਮ ਰੌਸ਼ਨ ਹੋਇਆ ਹੈ।
ਇਸ ਮੌਕੇ ਜ਼ਿਲ੍ਹੇ ਭਰ ਦੇ ਵੱਖ ਵੱਖ ਬਲਾਕਾਂ ਦੇ ਐਲੀਮੈਂਟਰੀ, ਹਾਈ ਤੇ ਸੈਕੰਡਰੀ ਸਕੂਲਾਂ ਦੇ 51 ਪ੍ਰਿੰਸੀਪਲ, ਹੈੱਡ ਮਾਸਟਰ, ਲੈਕਚਰਾਰ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇਕ ਸਰਟੀਫਿਕੇਟ, ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਉਨ੍ਹਾਂ ਦੇ ਗੁਣਾਂ ਦੀ ਸ਼ਲਾਘਾ ਕੀਤੀ ਗਈ। ਮੰਚ ਸੰਚਾਲਨ ਡਾ. ਸੁਖਦੇੇਵ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਸਨਮਾਨਿਤ ਅਧਿਆਪਕਾਂ ਦੇ ਪਰਿਵਾਰ ਤੇ ਵਿੱਦਿਅਕ ਅਕਾਦਮੀਆ ਵੱਲੋਂ ਅਜੇ ਬਹਿਲ, ਨਵਦੀਪ ਸਿੰਘ, ਭੂਪਿੰਦਰ ਸਿੰਘ ਭਕਨਾ, ਰਾਣਾ ਰਣਬੀਰ ਕੌਰ, ਡਾ. ਰਾਣੀ, ਰਾਣਾ ਪ੍ਰਤਾਪ ਸਿੰਘ, ਨਰਿੰਦਰ ਸਿੰਘ ਬੋਪਾਰਾਏ, ਜਤਿੰਦਰਪਾਲ ਸਿੰਘ ਛੀਨਾ, ਚੇਤਨ ਤੇੜਾ ਤੇ ਸੁਖਬੀਰ ਸਿੰਘ ਥਿੰਦ ਆਦਿ ਹਾਜ਼ਰ ਸਨ। ਇਸ ਮੌਕੇ ਸਨਮਾਨਿਤ ਕੀਤੇ ਅਧਿਆਪਕਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।