ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਅਕਤੂਬਰ
ਵਿਜੀਲੈਂਸ ਬਿਊਰੋ ਨੇ ਸਥਾਨਕ ਪਿੰਡ ਦਰਿਆ ਮਨਸੂਰ ਵਿੱਚ ਪੰਜਾਬ ਸਰਕਾਰ ਦੇ ਨਿਕਾਸੀ ਤੇ ਮੁੜ ਵਸੇਬਾ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ ਕੁੱਝ ਨਿਜੀ ਵਿਅਕਤੀਆਂ ਦੇ ਕਬਜ਼ੇ ਹੇਠ ਹੋਣ ਬਾਰੇ ਫਰਜ਼ੀ ਕੇਸਾਂ ਦਾ ਹਵਾਲਾ ਦੇ ਕੇ ਉਸ ਜ਼ਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ਾਂ ਤਹਿਤ 12 ਵਿਅਕਤੀਆਂ ਜਿਨਾਂ ਵਿੱਚ ਮਾਲ ਵਿਭਾਗ ਦੇ ਤਿੰਨ ਪਟਵਾਰੀ ਅਤੇ 9 ਹੋਰ ਵਿਅਕਤੀ ਸ਼ਾਮਲ ਹਨ ਖਿਲਾਫ ਕੇਸ ਦਰਜ ਕੀਤਾ ਹੈ।
ਵਿਜੀਲੈਂਸ ਨੇ ਇਸ ਮਾਮਲੇ ਵਿੱਚ ਬਰਿਜਨੇਵ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਮਾਲ ਮਹਿਕਮੇ ਦੇ ਸੇਵਾ ਮੁਕਤ ਪਟਵਾਰੀ ਦਲਬੀਰ ਸਿੰਘ ਅਤੇ ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੂੰ ਸੁੱਖਾ ਸਿੰਘ ਵਾਸੀ ਕਮੀਰਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਸੀ ਅਤੇ ਪੜਤਾਲ ਉਪਰੰਤ ਬ੍ਰਿਜਨੇਵ ਸਿੰਘ, ਹਰਸ਼ੇਰ ਸਿੰਘ, ਰਮਨਦੀਪ ਕੌਰ, ਰਿੰਪਲਜੀਤ ਕੌਰ, ਸੁਖਜੀਤ ਸਿੰਘ, ਉਸਦੇ ਪੁੱਤਰ ਪ੍ਰਭਦੀਪ ਸਿੰਘ ਤੇ ਰਵਦੀਪ ਸਿੰਘ, ਬਲਜੀਤ ਕੌਰ, ਸੁਖਦੇਵ ਸਿੰਘ ਅਤੇ ਸੇਵਾਮੁਕਤ ਪਟਵਾਰੀ ਦਲਬੀਰ ਸਿੰਘ, ਰਣਜੀਤ ਸਿੰਘ ਪਟਵਾਰੀ ਅਤੇ ਲਖਬੀਰ ਸਿੰਘ ਪਟਵਾਰੀ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।