ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਸਤੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੀਆਂ ਹੋਈਆਂ 15 ਕਾਰਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਵਿੱਚ ਐੱਸਯੂਵੀ ਵੀ ਸ਼ਾਮਲ ਹਨ । ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਨਿਸ਼ਾਨ ਸਿੰਘ ਉਰਫ਼ ਮਿੱਠੀ ,ਹਰਪ੍ਰੀਤ ਸਿੰਘ ਉਰਫ ਹਨੀ, ਅਵਤਾਰ ਸਿੰਘ ਉਰਫ ਸੰਨੀ ਅਤੇ ਕਸ਼ਮੀਰ ਪਾਲ ਉਰਫ ਬੱਬੀ ਵਜੋਂ ਹੋਈ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਦਿਹਾਤੀ ਪੁਲੀਸ ਦੀ ਐਸਪੀ ਜਸਵੰਤ ਕੌਰ ਨੇ ਦੱਸਿਆ ਕਿ ਇਹ ਗਰੋਹ ਪੰਜਾਬ ,ਹਰਿਆਣਾ ,ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਸੀ । ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ ਪੰਦਰਾਂ ਕਾਰਾਂ ਵਿੱਚੋਂ ਦੋ ਟੋਇਟਾ ਫਾਰਚੂਨਰ ਅਤੇ ਦੋ ਮਹਿੰਦਰਾ ਸਕੋਰਪੀਓ ਐਸਯੂਵੀ ਕਾਰਾਂ ਹਨ । ਉਨ੍ਹਾਂ ਦੱਸਿਆ ਕਿ ਮਹਿਤਾ ਪੁਲੀਸ ਥਾਣੇ ਨੇ ਧੋਖਾਧੜੀ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ,ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਉਰਫ਼ ਮਿੱਠੀ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਸ਼ਾਮਿਲ ਸਨ । ਇਨ੍ਹਾਂ ਖ਼ਿਲਾਫ਼ ਲੁੱਟਖੋਹ ਡਕੈਤੀ ਅਤੇ ਐੱਨਡੀਪੀਐੱਸ ਐਕਟ ਹੇਠ ਅੱਠ ਕੇਸ ਦਰਜ ਹਨ । ਜਾਂਚ ਦੌਰਾਨ ਪਤਾ ਲੱਗਾ ਕਿ ਇਹ ਚੋਰੀ ਕੀਤੀਆਂ ਹੋਈਆਂ ਵਸਤਾਂ ਅਵਤਾਰ ਸਿੰਘ ਉਰਫ ਸੰਨੀ ਨਾਂ ਦੇ ਵਿਅਕਤੀ ਨੂੰ ਵੇਚਦੇ ਹਨ ਜੋ ਕਿ ਅੰਮ੍ਰਿਤਸਰ ਵਿੱਚ ਕੰਟੀਨ ਚਲਾਉਂਦਾ ਹੈ । ਇਸ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਹਨ ਚੋਰੀ ਮਾਮਲੇ ਦਾ ਪਰਦਾਫਾਸ਼ ਹੋਇਆ ਹੈ।