ਟ੍ਰਬਿਿਊੂਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਮਈ
ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕੌਮੀ ਰੰਗਮੰਚ ਉਤਸਵ 2022 ਦੇ ਨੌਵੇਂ ਦਿਨ ਅੱਜ ਰੇਡੀਅੰਸ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਰਾਜਿੰਦਰ ਕੁਮਾਰ ਦਾ ਲਿਖਿਆ ਅਤੇ ਗੁਰਿੰਦਰ ਸਿੰਘ ਦਾ ਨਿਰਦੇਸ਼ਤ ਕੀਤਾ ਹਿੰਦੀ ਨਾਟਕ ‘ਹਾਊਸ ਇਨ ਟਰੱਬਲ’ ਦਾ ਮੰਚਨ ਕੀਤਾ ਗਿਆ।
ਇਹ ਨਾਟਕ ਇੱਕ ਘਰ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਦੀ ਕਹਾਣੀ ਹੈ। ਇਹ ਤਿੰਨੋਂ ਪਰਿਵਾਰ ਆਪਣੀਆਂ ਵੱਖ-ਵੱਖ ਮੁਸ਼ਕਲਾਂ ਤੋਂ ਪ੍ਰੇਸ਼ਾਨ ਹਨ ਪਰ ਇਹ ਇੱਕੋ ਘਰ ਵਿੱਚ ਰਹਿੰਦੇ ਹਨ ਅਤੇ ਤਿੰਨੋਂ ਪਰਿਵਾਰ ਵੱਖ ਵੱਖ ਧਰਮਾਂ ਦੇ ਹਨ। ਮੁਸਲਿਮ ਪਰਿਵਾਰ ਦੀ ਸਲਮਾਂ ਆਪਣੇ ਪਤੀ ਦੀ ਕੰਜੂਸੀ ਤੋਂ ਪ੍ਰੇਸ਼ਾਨ ਹੈ। ਹਿੰਦੂ ਪਰਿਵਾਰ ਦੀ ਚੰਨੋਂ ਰਾਣੀ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਹੈ ਅਤੇ ਸਿੱਖ ਪਰਿਵਾਰ ਵਿਚੋਂ ਰੌਕਿਟ ਸਿੰਘ ਆਪਣੀ ਘਰਵਾਲੀ ਤੋਂ ਪ੍ਰੇਸ਼ਾਨ ਹੈ। ਉਸ ਦੀ ਪਤਨੀ ਉਸ ਨੂੰ ਆਪਣੀਆਂ ਉਂਗਲਾਂ ਤੇ ਨਚਾਉਣਾ ਚਾਹੁੰਦੀ ਹੈ। ਅਚਾਨਕ ਇਨ੍ਹਾਂ ਤਿੰਨਾਂ ਪ੍ਰੇਸ਼ਾਨ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਇਕ ਕਰਿਸ਼ਮਾ ਹੁੰਦਾ ਹੈ। ਚੰਦਾ ਰਾਣੀ, ਸਲਮਾ ਅਤੇ ਰੌਕਿਟ ਸਿੰਘ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਖ਼ਤਮ ਹੋ ਜਾਣਗੀਆਂ। ਪਰ ਹੁੰਦਾ ਉਲਟ ਹੈ ਅਤੇ ਉਹ ਤਿੰਨੋਂ ਪਹਿਲਾਂ ਨਾਲੋਂ ਵੀ ਵਧੇਰੇ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਨਾਟਕ ਵਿੱਚ ਦੱਸਿਆ ਕਿ ਕਿਵੇਂ ਪਰਿਵਾਰਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਘਰ ਦੇ ਹੋਰ ਮੈਂਬਰ ਜੱਦੋ-ਜਹਿਦ ਕਰਦੇ ਹਨ।
ਇਸ ਨਾਟਕ ਵਿਚ ਨਵਪ੍ਰੀਤ ਹੁੰਦਲ, ਚੇਤਨ ਸ਼ਰਮਾ, ਘੁੱਗੂ, ਗੁਰਜੀਤ ਅਰੋੜਾ, ਗੁਰਿੰਦਰ ਸਿੰਘ, ਰਾਕੇਸ਼ ਸ਼ਰਮਾ, ਅਮਨ ਭਾਰਦਵਾਜ, ਗੁਰਮੀਤ ਕੌਰ ਅਤੇ ਮਨਦੀਪ ਕੌਰ ਆਦਿ ਨੇ ਕੰਮ ਕੀਤਾ ਹੈ। ਅੱਜ ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਤਿੰਦਰ ਸਿੰਘ ਰੂਬੀ, ਸੁਰਭਿ ਵਰਮਾ ਆਦਿ ਹਾਜ਼ਰ ਸਨ।