ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਗਸਤ
ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਦੇ ਜਸ਼ਨਾਂ ਦੇ ਸਬੰਧ ਵਿਚ ਇੱਥੇ ਹੋਣ ਵਾਲੇ ਸਮਾਗਮ ਦੀ ਅੱਜ ਫੁੱਲ ਡਰੈੱਸ ਰਿਹਰਸਲ ਗੁਰੂ ਨਾਨਕ ਸਟੇਡੀਅਮ ਵਿਚ ਕੀਤੀ ਗਈ। ਇਸ ਵਾਰ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਥੇ ਅੰਮ੍ਰਿਤਸਰ ਵਿੱਚ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਹੈ। ਇਸ ਮੌਕੇ ਪਰੇਡ ਕਮਾਂਡਰ ਵਜੋਂ ਡੀਐੱਸਪੀ ਮਾਧਵੀ ਸ਼ਰਮਾ ਨੇ ਪਰੇਡ ਦੀ ਅਗਵਾਈ ਕੀਤੀ। ਇਸ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਹਾਜ਼ਰ ਸਨ।
‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਦੌੜ ਕਰਵਾਈ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਮਾਗਮ ਤਹਿਤ ਨਹਿਰੂ ਯੁਵਾ ਕੇਂਦਰ ਸੰਗਠਨ ਤੇ ਖੇਡ ਵਿਭਾਗ ਭਾਰਤ ਸਰਕਾਰ ਵੱਲੋਂ ਫਿਟ ਇੰਡੀਆ ਫਰੀਡਮ ਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਅਤੇ ਐੱਨਐੱਸਐੱਸ ਵਾਲੰਟੀਅਰਾਂ ਅਤੇ ਯੂਥ ਕਲੱਬ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ 75 ਵੱਖ-ਵੱਖ ਬਲਾਕਾਂ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਜ਼ਿਲ੍ਹਾ ਪੱਧਰੀ ਦੌੜ ਦਾ ਪ੍ਰਬੰਧ ਕੀਤਾ ਗਿਆ। ਜੱਲ੍ਹਿਆਂਵਾਲਾ ਬਾਗ਼ ਤੋਂ ਲੈ ਕੇ ਕੰਪਨੀ ਬਾਗ਼ ਤੱਕ ਫਰੀਡਮ ਰਨ ਵਿੱਚ ਹਲਕਾ ਉਤਰੀ ਦੇ ਵਿਧਾਇਕ ਸੁਨੀਲ ਦੱਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬੰਗਾ (ਪੱਤਰ ਪ੍ਰੇਰਕ): ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਮਿਊਜ਼ੀਅਮ, ਖਟਕੜ ਕਲਾਂ ਵਿਖੇ ‘ਫਿਟ ਇੰਡੀਆ ਫ੍ਰੀਡਮ ਰਨ-2’ ਕਰਵਾਈ ਗਈ। ਮਿਊਜ਼ੀਅਮ ਤੋਂ ਸ਼ੁਰੂ ਹੋ ਕੇ ਇਹ ਦੌੜ ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਤਕ ਜਾ ਕੇ ਸਮਾਪਤ ਹੋਈ। ਇਹ ਉਪਰਾਲਾ ਨਹਿਰੂ ਯੁਵਾ ਕੇਂਦਰ ਵਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਕਰਵਾਈ ਜਾ ਰਹੀ ਇਹ ਦੌੜ ਨੌਜਵਾਨਾਂ ਵਿਚ ਇਕ ਨਵੀਂ ਚੇਤਨਾ ਭਰਨ ਦਾ ਕੰਮ ਕਰੇਗੀ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ 15 ਅਗਸਤ ਨੂੰ ਮਨਾਏ ਜਾਣ ਵਾਲੇ 75ਵੇਂ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਲਈ ਅੱਜ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਝੰਡਾ ਲਹਿਰਾਇਆ ਤੇ ਕਮਾਂਡਰ ਮੁਰਾਦ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ।
ਗੁਰਦਾਸਪੁਰ (ਪੱਤਰ ਪ੍ਰੇਰਕ): ਸਥਾਨਕ ਲੈਫ. ਸ਼ਹੀਦ ਨਵਦੀਪ ਸਿੰਘ (ਅਸ਼ੋਕ ਚੱਕਰ) ਖੇਡ ਸਟੇਡੀਅਮ ਵਿਚ ਫੁੱਲ ਡਰੈਸ ਰਿਹਰਸਲ ਕਰਵਾਈ ਗਈ। ਇਸ ਵਿੱਚ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਕੌਮੀ ਤਿਰੰਗਾ ਲਹਿਰਾਉਣ ਮਗਰੋਂ ਪਰੇਡ ਕਮਾਂਡਰ ਡੀਐਸਪੀ ਸਮੀਰ ਸਿੰਘ ਦੀ ਅਗਵਾਈ ਹੇਠ ਕੀਤੇ ਮਾਰਚ ਪਾਸਟ ਤੋਂ ਸਲਾਮੀ ਲਈ।
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਸ਼ੁੱਕਰਵਾਰ ਸ਼ਾਮ ਸਿਟੀ ਪੁਲੀਸ ਸਟੇਸ਼ਨ ਦੀ ਟੀਮ ਵੱਲੋਂ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਡੀਐੱਸਪੀ ਸ਼ਾਹਕੋਟ ਸਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ’ਚ ਪੁਲੀਸ ਨੇ ਕਸਬੇ ਵਿਚ ਫਲੈਗ ਮਾਰਚ ਕੀਤਾ।