ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਸਤੰਬਰ
ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਦੀਆਂ ਗ਼ਲਤ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਅੱਜ ਨਾਵਲਟੀ ਚੌਕ ’ਚ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਤੇ ਇਸ ਮੌਕੇ ਮੁੱਖ ਮੰਤਰੀ ਦਾ ਪੁਤਲਾ ਵੀ ਸਾੜਿਆ ਗਿਆ। ਇਹ ਰੋਸ ਪ੍ਰਦਰਸ਼ਨ ਲੋਕ ਸਭਾ ਹਲਕਾ ਦੇ ਇੰਚਾਰਜ ਇਕਬਾਲ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਮੈਡਮ ਜੀਵਨ ਜੋਤ ਕੌਰ ਤੇ ਦਿਹਾਤੀ ਪ੍ਰਧਾਨ ਹਰਵੰਤ ਸਿੰਘ ਤੇ ਸੀਮਾ ਸੋਢੀ ਆਦਿ ਦੀ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ। ਮੁੱਖ ਮੰਤਰੀ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ ਤੋਂ ਮੁਕਰ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰੰਤਰੀ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ। ਅੱਜ ਸਾਢੇ ਚਾਰ ਸਾਲ ਹੋ ਗਏ ਹਨ ਪਰ ਕੁਝ ਨਹੀਂ ਕੀਤਾ। ਇਨ੍ਹਾਂ ਸਮਝੌਤਿਆਂ ਕਰਕੇ ਸੂਬਾ ਕਰਜ਼ਾਈ ਹੁੰਦਾ ਜਾ ਰਿਹਾ। ਇਸ ਮੌਕੇ ‘ਆਪ’ ਆਗੂ ਡਾ. ਇੰਦਰਬੀਰ ਸਿੰਘ ਨਿੱਜਰ, ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ, ਜਸਵਿੰਦਰ ਸਿੰਘ ਰਮਦਾਸ, ਦਲਬੀਰ ਸਿੰਘ ਟੌਂਗ ਨੇ ਕਿਹਾ ਨਾ ਤਾਂ ਸਾਰੇ ਬਿਜਲੀ ਸਮਝੌਤੇ ਗਲਤ ਹਨ ਤੇ ਨਾ ਹੀ ਉਨ੍ਹਾਂ ਨੂੰ ਰੱਦ ਕਰਨ ਦੀ ਲੋੜ ਹੈ ਬਲਕਿ ਉਹ 3 ਬਿਜਲੀ ਸਮਝੌਤੇ ਜੋ ਬਾਦਲਾਂ ਨੇ ਕੀਤੇ ਸਨ ਤੇ ਜਿਸ ਨਾਲ ਸੂਬੇ ਨੂੰ ਨੁਕਸਾਨ ਹੋ ਰਿਹਾ ਹੈ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ।
ਤਰਨ ਤਾਰਨ (ਪੱਤਰ ਪ੍ਰੇਰਕ) ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ ਤੋਂ ਕਥਿਤ ਤੌਰ ਤੇ ਮੁੱਕਰ ਜਾਣ ਖ਼ਿਲਾਫ਼ ਅੱਜ ਇਥੇ ਜਿਲ੍ਹਾ ਪੱਧਰ ਦਾ ਹੱਲਾ ਬੋਲ ਪਰਦਰਸ਼ਨ ਕੀਤਾ| ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਤੇ ਸੂਬਾ ਸੰਯੁਕਤ ਸਕੱਤਰ ਬਲਜੀਤ ਸਿੰਘ ਖਹਿਰਾ ਦੀ ਅਗਵਾਈ ਵਿੱਚ ਪਾਰਟੀ ਵਾਲੰਟੀਅਰਾਂ ਨੇ ਸ਼ਹਿਰ ਦੀਆਂ ਸੜਕਾਂ-ਬਾਜ਼ਾਰਾਂ ਵਿੱਚੋਂ ਦੀ ਇਕ ਮਾਰਚ ਕਰਕੇ ਇਥੋਂ ਦੇ ਤਹਿਸੀਲ ਚੌੰਕ ਵਿੱਚ ਆਵਾਜਾਈ ਰੋਕ ਕੇ ਮੁੱਖ ਮੰਤਰੀ ਦੀ ਅਰਥੀ ਸਾੜੀ| ਇਸ ਮੌਕੇ ਪਾਰਟੀ ਆਗੂ ਸਰਵਨ ਸਿੰਘ ਧੁੰਨ, ਲਾਲਜੀਤ ਸਿੰਘ ਭੁੱਲਰ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਵਲੋਂ ਸੂਬੇ ਦੇ ਲੋਕਾਂ ਚੋਣਾਂ ਦੌਰਾਨ ਕੀਤੇ ਵਾਅਦੇ ਦੇ ਬਾਵਜੂਦ ਵੀ ਇਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਦੀ ਨਿਖੇਧੀ ਕੀਤੀ| ਆਗੂਆਂ ਕਿਹਾ ਕਿ ਮੁੱਖ ਮੰਤਰੀ ਨੇ ਅਜਿਹਾ ਆਖ ਕੇ ਸੂਬੇ ਦੇ ਲੋਕਾਂ ਨਾਲ ਫਿਰ ਧੋਖਾ ਕੀਤਾ ਹੈ|
ਪਠਾਨਕੋਟ (ਪੱਤਰ ਪ੍ਰਰੇਕ) ਪੰਜਾਬ ਸਰਕਾਰ ਦੇ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਵਾਲਮੀਕ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਥ ਆਗੂ ਸੌਰਭ ਬਹਿਲ, ਰਮੇਸ਼ ਟੋਲਾ, ਟੀਨਾ ਚੌਧਰੀ, ਪੁਨੀਤ ਓਹਰੀ, ਰੇਖਾ ਸ਼ਰਮਾ ਆਦਿ ਹਾਜ਼ਰ ਸਨ।