ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਇੱਥੋਂ ਦੇ ਡਾ. ਸੁਭਾਸ਼ ਚੰਦ ਵਾਸੀ ਬੇਰੀਗੇਟ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ ਹਨ। ਇੱਕ ਵਿਅਕਤੀ ਨੇ ਖ਼ੁਦ ਨੂੰ ਉਸਦਾ ਕੈਨੇਡਾ ਵਾਸੀ ਮਿੱਤਰ ਦੱਸ ਕੇ ਉਸ ਕੋਲੋਂ 19.5 ਲੱਖ ਰੁਪਏ ਠੱਗ ਲਏ ਹਨ। ਪੁਲੀਸ ਨੇ ਇਸ ਸਬੰਧ ਵਿੱਚ ਜਾਂਚ ਮਗਰੋਂ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿੱਚ ਅਭਿਨਵ ਵਾਸੀ ਕੋਲਕਾਤਾ, ਇਦਰੀਸ ਅਲੀ ਵਾਸੀ ਰਾਜਸਥਾਨ ਅਤੇ ਰਾਧਾ ਚੰਦਰਾ ਵਾਸੀ ਮੁਰਾਦਾਬਾਦ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਖ਼ਿਲਾਫ਼ ਧਾਰਾ 420 ਤੇ 120 ਬੀ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਡੀ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਲਗਪਗ 72 ਸਾਲ ਡਾ. ਸੁਭਾਸ਼ ਚੰਦ ਨੇ ਪੁਲੀਸ ਨੂੰ ਦੱਸਿਆ ਕਿ 2 ਜੁਲਾਈ ਨੂੰ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੋਬਾਈਲ ’ਤੇ ਕਾਲ ਕੀਤੀ ਗਈ ਸੀ, ਜਿਸ ਨੇ ਆਪਣੇ-ਆਪ ਨੂੰ ਉਸ ਦਾ ਕੈਨੇਡਾ ਵਾਸੀ ਮਿੱਤਰ ਸੁਰਿੰਦਰ ਸਿੰਘ ਦੱਸਿਆ। ਫੋਨ ਕਰਨ ਵਾਲੇ ਨੇ ਉਸ ਦਾ ਬੈਂਕ ਖਾਤਾ ਪੁੱਛਿਆ ਅਤੇ ਕਿਹਾ ਕਿ ਉਹ ਕੁਝ ਰਕਮ ਉਸਦੇ ਖਾਤੇ ਵਿੱਚ ਟਰਾਂਸਫਰ ਕਰਨਾ ਚਾਹੁੰਦਾ ਹੈ। ਕੁਝ ਸਮੇਂ ਬਾਅਦ ਉਸ ਨੂੰ ਇੱਕ ਹੋਰ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਬੈਂਕ ਮੈਨੇਜਰ ਦੱਸਦਿਆਂ ਆਖਿਆ ਕਿ ਉਸਦੇ ਨਾਂ ’ਤੇ 16 ਲੱਖ ਰੁਪਏ ਆਏ ਹਨ ਜਿਨ੍ਹਾਂ ਨੂੰ ਜਲਦੀ ਹੀ ਉਸ ਦੇ ਖਾਤੇ ਵਿੱਚ ਭੇਜ ਦਿੱਤਾ ਜਾਵੇਗਾ।
ਪੀੜਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਫੋਨ ਕਰਨ ਵਾਲੇ ਨੇ ਉਸ ਨੂੰ ਕੁਝ ਬੈਂਕ ਖਾਤਿਆਂ ਦੇ ਨੰਬਰ ਭੇਜੇ ਅਤੇ ਅਪੀਲ ਕੀਤੀ ਕਿ ਉਸ ਨੂੰ ਹੰਗਾਮੀ ਸਥਿਤੀ ਵਿੱਚ ਕੁਝ ਰਕਮ ਦੀ ਲੋੜ ਹੈ। ਉਸ ਨੇ ਸੋਚਿਆ ਕਿ ਉਸ ਦੇ ਮਿੱਤਰ ਨੂੰ ਅਚਨਚੇਤੀ ਲੋੜ ਪੈ ਗਈ ਹੈ ਅਤੇ ਉਸ ਨੇ ਚਾਰ ਵਾਰ ਵਿੱਚ ਲਗਪਗ ਸਾਢੇ ਉੱਨੀ ਲੱਖ ਰੁਪਏ ਦੀ ਰਕਮ ਦੱਸੇ ਗਏ ਬੈਂਕ ਖਾਤਿਆਂ ਵਿੱਚ ਉਸ ਨੂੰ ਭੇਜ ਦਿੱਤੀ। ਇਸ ਦੌਰਾਨ ਉਸ ਨੇ ਜਦੋਂ ਕੈਨੇਡਾ ਵਿੱਚ ਆਪਣੇ ਮਿੱਤਰ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਿਆ ਹੈ।
ਥਾਣਾ ਡੀ ਡਿਵੀਜ਼ਨ ਦੇ ਐੱਸਐੱਚਓ ਰੌਬਿਨ ਹੰਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਬੈਂਕ ਖਾਤਿਆਂ ਰਾਹੀਂ ਹੋ ਗਈ ਹੈ, ਜਿਨ੍ਹਾਂ ਵਿੱਚ ਰਕਮ ਟਰਾਂਸਫਰ ਕੀਤੀ ਗਈ ਸੀ।