ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ
ਕੇਂਦਰੀ ਜੇਲ੍ਹ ਵਿੱਚੋਂ ਅੱਜ ਮੁੜ 18 ਮੋਬਾਈਲ, ਚਾਰਜਰ, ਡਾਟਾ ਕੇਬਲ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਹੋਇਆ ਹੈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਸੱਤ ਕੈਦੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਵੇਲ ਸਿੰਘ ਵੱਲੋਂ ਇਸ ਸਬੰਧ ਵਿੱਚ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਇਸਲਾਮਾਬਾਦ ਦੀ ਪੁਲੀਸ ਨੇ ਪ੍ਰਿਜਨ ਐਕਟ ਦੀ ਧਾਰਾ 42, 52 ਏ ਹੇਠ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਸੱਤ ਕੈਦੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਦੀ ਸ਼ਨਾਖਤ ਬਲਵਿੰਦਰ ਸਿੰਘ, ਜਾਰਜ ਮਸੀਹ, ਜੋਬਨਜੀਤ ਸਿੰਘ, ਕੰਵਲਜੀਤ ਸਿੰਘ, ਅਮਨਦੀਪ ਸਿੰਘ, ਬਿਕਰਮਜੀਤ ਸਿੰਘ ਬਿੱਕਰ ਤੇ ਸੁਰੇਸ਼ ਕੁਮਾਰ ਵਜੋਂ ਹੋਈ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿੱਚ ਕੀਤੀ ਜਾਂਚ ਦੌਰਾਨ ਇਨ੍ਹਾਂ ਸੱਤ ਕੈਦੀਆਂ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਹੈ ਜਦੋਂਕਿ ਬਾਕੀ 11 ਮੋਬਾਈਲ ਲਵਾਰਸ ਅਵਸਥਾ ਵਿੱਚ ਮਿਲੇ ਹਨ। ਇਸ ਤੋਂ ਇਲਾਵਾ ਜੇਲ੍ਹ ਦੇ ਅਹਾਤੇ ਵਿੱਚੋਂ ਦੋ ਹੈੱਡ ਫੋਨ, ਇੱਕ ਮੋਬਾਈਲ ਚਾਰਜਰ ਆਦਿ ਬਰਾਮਦ ਹੋਏ ਹਨ। ਬੀਤੇ ਦਿਨ ਜੇਲ੍ਹ ਵਿੱਚੋਂ 19 ਮੋਬਾਈਲ ਬਰਾਮਦ ਹੋਏ ਸਨ ਅਤੇ ਪੁਲੀਸ ਵੱਲੋਂ ਕੀਤੀ ਵਿਸ਼ੇਸ਼ ਜਾਂਚ ਦੌਰਾਨ ਸੱਤ ਮੋਬਾਈਲ ਸਮੇਤ ਤੇਜ਼ਧਾਰ ਹਥਿਆਰ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਸਨ।
ਜੇਲ੍ਹ ਵਿੱਚੋਂ 11 ਮੋਬਾਈਲ ਅਤੇ 7 ਸਿਮ ਕਾਰਡ ਬਰਾਮਦ
ਸ੍ਰੀ ਗੋਇੰਦਵਾਲ ਸਾਹਿਬ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚੋਂ ਅੱਜ ਚੈਕਿੰਗ ਦੌਰਾਨ 11 ਮੋਬਾਈਲ, 7 ਸਿਮ ਕਾਰਡ, 2 ਹੈੱਡਫੋਨ, 1 ਚਾਰਜਰ ਅਤੇ 15 ਪੈਕਟ ਬੀੜੀਆਂ ਦੇ ਬੰਡਲ ਬਰਾਮਦ ਹੋਏ ਹਨ। ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਕੈਦੀਆਂ ਅਮਨਦੀਪ ਸਿੰਘ, ਮਹਿਕਪ੍ਰੀਤ ਸਿੰਘ, ਅਰਜਨ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਹਜ਼ਾਰਾ ਸਿੰਘ, ਵੀਰਪਾਲ ਸਿੰਘ, ਕੈਦੀ ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਜੋਬਨਜੀਤ ਸਿੰਘ ਕੋਲੋਂ 11 ਮੋਬਾਈਲ, 7 ਸਿਮ ਕਾਰਡ, 2 ਹੈੱਡ ਫੋਨ, 1 ਚਾਰਜਰ ਅਤੇ 15 ਪੈਕਟ ਬੀੜੀ ਦੇ ਬੰਡਲ ਬਰਾਮਦ ਹੋਏ ਹਨ। ਇਸ ਸੰਬਧੀ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ। -ਪੱਤਰ ਪ੍ਰੇਰਕ