ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਨਵੰਬਰ
ਥਾਣਾ ਮੋਹਕਮਪੁਰਾ ਹੇਠ ਆਉਂਦੇ ਇਲਾਕੇ ਨਿਊ ਪ੍ਰੀਤ ਨਗਰ ਦੀ ਸਲੱਮ ਬਸਤੀ ਵਿਚ ਅੱਜ ਅਚਨਚੇਤੀ ਅੱਗ ਲੱਗਣ ਨਾਲ ਇਕ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਹਨ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮਿਲੇ ਵੇਰਵਿਆਂ ਮੁਤਾਬਕ ਇਹ ਅੱਗ ਪਟਾਕਾ ਚੱਲਣ ਤੋਂ ਬਾਅਦ ਲੱਗੀ, ਜੋ ਤੇਜ਼ੀ ਨਾਲ ਫੈਲ ਗਈ ਅਤੇ ਇਸ ਅੱਗ ਨੇ ਕਈ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਝੁੱਗੀਆਂ ਦੇ ਵਿਚ ਇਕੱਠਾ ਕੀਤਾ ਕਬਾੜ ਦਾ ਮਾਲ ਆਦਿ ਹੋਣ ਕਾਰਨ ਇਹ ਅੱਗ ਤੇਜ਼ੀ ਨਾਲ ਫੈਲੀ।
ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਢਾਬ ਬਸਤੀ ਰਾਮ ਖੇਤਰ ਵਿੱਚੋਂ ਆਈਆਂ ਅੱਗ ਬੁਝਾਊ ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਇਹ ਝੁੱਗੀਆਂ ਆਪਸ ਵਿਚ ਜੁੜੀਆਂ ਹੋਣ ਕਾਰਨ ਤੇ ਨੇੜੇ-ਨੇੜੇ ਇਕ-ਦੂਜੇ ਸਾਹਮਣੇ ਬਣੀਆਂ ਹੋਣ ਕਾਰਨ ਅੱਗ ਬੁਝਾਉਣ ਵਾਲੇ ਵਾਹਨਾਂ ਨੂੰ ਅੰਦਰ ਪੁੱਜਣ ਵਿਚ ਮੁਸ਼ਕਲ ਆਈ। ਅੱਗ ਕਾਰਨ ਝੁੱਗੀਆਂ ਵਿਚ ਰੱਖਿਆ ਸਾਮਾਨ ਸੜ ਕੇ ਸਵਾਹ ਹੋ ਗਿਆ ਹੈ।
ਇੱਥੇ ਰਹਿੰਦੇ ਮੁੰਨਾ ਰਾਮ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਸ ਦਾ ਲਗਪਗ 12 ਲੱਖ ਰੁਪਏ ਮੁੱਲ ਦੀਆਂ ਵਸਤਾਂ ਦਾ ਨੁਕਸਾਨ ਹੋਇਆ ਹੈ। ਉਸ ਦਾ ਲਗਪਗ 70 ਹਜ਼ਾਰ ਰੁਪਏ ਨਗਦ ਅਤੇ ਮੋਬਾਈਲ ਫੋਨ ਵੀ ਅੱਗ ਵਿਚ ਡਿੱਗ ਪਿਆ। ਉਸ ਨੇ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਤੇਜ਼ੀ ਨਾਲ ਫੈਲ ਗਈ। ਉਸ ਨੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਅੱਗ ਬੁਝਾਊ ਗੱਡੀਆਂ ਦੇਰ ਨਾਲ ਪੁੱਜਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਕਾਰਨ ਵੀ ਵਧੇਰੇ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਹੋਰਨਾਂ ਲੋਕਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਅੱਗ ਬੁਝਾਊ ਦਸਤੇ ਵਿਚ ਸ਼ਾਮਲ ਮਨਦੀਪ ਸਿੰਘ ਨੇ ਆਖਿਆ ਕਿ ਇੱਥੇ ਬਿਜਲੀ ਦੀਆਂ ਤਾਰਾਂ ਹੇਠਾਂ ਹੋਣ ਕਾਰਨ ਅਤੇ ਝੁੱਗੀਆਂ ਦੇ ਅੰਦਰ ਰਸਤਾ ਨਾ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਵਿਚ ਮੁਸ਼ਕਲ ਆਈ ਹੈ। ਇਸ ਦੇ ਬਾਵਜੂਦ ਅੱਗ ’ਤੇ ਕਾਬੂ ਪਾ ਲਿਆ ਗਿਆ।
ਥਾਣਾ ਮੋਹਕਮਪੁਰਾ ਦੇ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਅੱਗ ਲੱਗਣ ਦਾ ਕਾਰਨ ਪਟਾਕਾ ਹੀ ਹੈ। ਝੁੱਗੀਆਂ ਵਿਚ ਰਹਿ ਰਹੇ ਲੋਕ ਕਬਾੜ ਆਦਿ ਦਾ ਕੰਮ ਕਰਦੇ ਹਨ, ਜੋ ਕੂੜੇ ਆਦਿ ਵਿੱਚੋਂ ਇਕੱਠਾ ਕੀਤਾ ਜਾਂਦਾ ਹੈ। ਇੱਥੇ ਵੱਡੀ ਮਾਤਰਾ ਵਿਚ ਪਲਾਸਟਿਕ ਅਤੇ ਪੋਲੀਥੀਨ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਵਧੇਰੇ ਝੁਗੀਆਂ ਅੱਗ ਦੀ ਲਪੇਟ ਵਿਚ ਆਈਆਂ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।