ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 8 ਅਕਤੂਬਰ
ਮੁੱਖ ਅੰਸ਼
- ਡੀਜ਼ਲ ਆਟੋ ਨੂੰ ਈ-ਆਟੋ ਵਿੱਚ ਬਦਲਣ ਵਾਸਤੇ ਪਹਿਲਾਂ ਮਿਲਦੀ ਸੀ 75 ਹਜ਼ਾਰ ਦੀ ਰਾਸ਼ੀ
- ਅੰਮ੍ਰਿਤਸਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਈ-ਆਟੋ ਨੂੰ ਦਿੱਤੀ ਜਾ ਰਹੀ ਹੈ ਤਰਜੀਹ
ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋ ਵਿੱਚ ਬਦਲਣ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ ‘ਰਾਹੀ’ ਪ੍ਰਾਜੈਕਟ ਤਹਿਤ ਹੁਣ 75 ਹਜ਼ਾਰ ਰੁਪਏ ਦੀ ਥਾਂ 1.25 ਲੱਖ ਰੁਪਏ ਦੀ ਰਿਆਇਤ ਮਿਲੇਗੀ।
ਦੱਸਣਯੋਗ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿੱਚ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋ ਵਿੱਚ ਬਦਲਣ ਲਈ ਸਰਕਾਰ ਵੱਲੋਂ ‘ਰਾਹੀ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਤਹਿਤ ਆਟੋ ਰਿਕਸ਼ਾ ਚਾਲਕਾਂ ਨੂੰ ਪਹਿਲਾਂ 75 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਘੱਟ ਦਰਾਂ ’ਤੇ ਕਰਜ਼ਾ ਦਿੱਤਾ ਜਾ ਰਿਹਾ ਸੀ।
ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀਈਓ ਅਤੇ ਨਗਰ ਨਿਗਮ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਆਟੋ ਰਿਕਸ਼ਾ ਯੂਨੀਅਨਾਂ ਅਤੇ ਚਾਲਕਾਂ ਨਾਲ ਗੱਲ ਕਰਕੇ ਪਤਾ ਲੱਗਾ ਸੀ ਕਿ ਪਹਿਲਾਂ ਆਟੋ ਰਿਕਸ਼ਾ ਚਾਲਕਾਂ ਨੂੰ ਈ-ਆਟੋ ਲੈਣ ਲਈ 50 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਕਰਨੀ ਪੈਂਦੀ ਸੀ ਪਰ ਉਨ੍ਹਾਂ ਦੀ ਆਰਥਿਕ ਹਾਲਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਡਾਊਨ ਪੇਮੈਂਟ ਕਰ ਸਕਣ। ਆਟੋ ਚਾਲਕਾਂ ਨੇ ਸਬਸਿਡੀ ਵਧਾਉਣ ਦੀ ਵੀ ਮੰਗ ਕੀਤੀ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਹੁਣ ਸਬਸਿਡੀ ਨੂੰ ਵਧਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ‘ਰਾਹੀ’ ਸਕੀਮ ਤਹਿਤ ਸਟੇਟ ਬੈਂਕ, ਕੇਨਰਾ ਬੈਂਕ, ਇੰਡੀਅਨ ਬੈਂਕ, ਯੂਨੀਅਨ ਬੈਂਕ, ਐੱਚਡੀਐੱਫਸੀ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਤੋਂ ਪ੍ਰਸਤਾਵ ਮਿਲੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ‘ਰਾਹੀ’ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਆਟੋ ਚਾਲਕਾਂ ਦਾ ਅੰਮ੍ਰਿਤਸਰ ਆਟੋ ਰਿਕਸ਼ਾ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਹੋਣਾ ਜ਼ਰੂਰੀ ਹੈ।
ਦੱਸਣਯੋਗ ਹੈ ਕਿ ਡੀਜ਼ਲ ਆਟੋ ਪ੍ਰਦੂਸ਼ਣ ਜ਼ਿਆਦਾ ਫੈਲਾਉਂਦੇ ਹਨ ਜਿਸ ਕਾਰਨ ਸ਼ਹਿਰ ਦੇ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਅੰਮ੍ਰਿਤਸਰ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਈ-ਰਿਕਸ਼ਾ ਨੂੰ ਤਰਜੀਹ ਦੇਣ ਲਈ ਮੁਹਿੰਮ ਚਲਾਈ ਹੈ ਤੇ ਰਿਆਇਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਈ-ਆਟੋ ਖਰੀਦਣ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ
ਈ-ਆਟੋ ਲੈਣ ਲਈ ਚਾਹਵਾਨ ਡਰਾਈਵਰ ਕੋਲ ਆਧਾਰ ਕਾਰਡ ਜਾਂ ਵੋਟਰ ਕਾਰਡ, ਆਟੋ ਦੀ ਆਰਸੀ, ਡਰਾਈਵਿੰਗ ਲਾਇਸੈਂਸ ਅਤੇ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੁਸਾਇਟੀ ਦੀ ਮੈਂਬਰ ਸਲਿੱਪ ਹੋਣੀ ਜ਼ਰੂਰੀ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਲੈ ਕੇ ਆਟੋ ਚਾਲਕ ਸਬੰਧਤ ਕੰਪਨੀਆਂ ਮਹਿੰਦਰਾ ਅਤੇ ਪਿਆਜਿਓ ਦੀ ਡੀਲਰਸ਼ਿਪ ’ਤੇ ਜਾ ਕੇ ਆਪਣੀ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਈ-ਆਟੋ ਪ੍ਰਾਜੈਕਟ ਨਾਲ ਸ਼ਹਿਰ ਦਾ ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ ਆਟੋਰਿਕਸ਼ਾ ਡਰਾਈਵਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ‘ਰਾਹੀ’ ਪ੍ਰਾਜੈਕਟ ਤਹਿਤ ਆਟੋਰਿਕਸ਼ਾ ਡਰਾਈਵਰਾਂ ਦੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਮੁਫ਼ਤ ਵਿੱਚ ਸਕਿਲ ਡਿਵੈਲਪਮੈਂਟ ਕੋਰਸ ਵੀ ਕਰਵਾਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਉਨ੍ਹਾਂ ਨੂੰ ਕਟਿੰਗ ਐਂਡ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਅਪਰੇਟਰ ਅਤੇ ਫ਼ੂਡ ਐਂਡ ਫਰੂਟ ਪ੍ਰੀਜ਼ਰਵੇਸ਼ਨ ਦੇ ਕੋਰਸ ਕਰਵਾਏ ਜਾ ਰਹੇ ਹਨ।