ਆਤਿਸ਼ ਗੁਪਤਾ
ਚੰਡੀਗੜ੍ਹ, 11 ਅਪਰੈਲ
ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਇਸ ਵਾਰ ਅਪਰੈਲ ਮਹੀਨੇ ’ਚ ਪੈ ਰਹੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗਰਮੀ ਵਧਣ ਕਰਕੇ ਫ਼ਸਲਾਂ ਅਤੇ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੇ ਆਸਾਰ ਜਤਾਏ ਜਾ ਰਹੇ ਹਨ। ਇਸ ਵਾਰ ਮਾਰਚ ਮਹੀਨੇ ਵਿੱਚ ਮੀਂਹ ਨਾ ਪੈਣ ਕਰਕੇ ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦਾ ਅਸਰ ਕਣਕ ਦੀ ਫ਼ਸਲ ’ਤੇ ਵੀ ਪੈ ਰਿਹਾ ਹੈ। ਗਰਮੀ ਵਧਣ ਕਰਕੇ ਕਣਕ ਦਾ ਦਾਣਾ ਸੁੰਗੜ ਗਿਆ ਹੈ। ਉੱਥੇ ਹੀ ਕਣਕ ਦਾ ਝਾੜ ਵੀ ਆਮ ਨਾਲੋਂ 25 ਫ਼ੀਸਦ ਘੱਟ ਗਿਆ ਹੈ। ਪਹਿਲਾਂ ਇਕ ਕਿੱਲੇ ਵਿਚ 20 ਤੋਂ 22 ਕੁਇੰਟਲ ਝਾੜ ਨਿਕਲਦਾ ਸੀ, ਇਸ ਵਾਰ ਜ਼ਿਆਦਾ ਗਰਮੀ ਪੈਣ ਕਰਕੇ ਕਣਕ ਦਾ ਝਾੜ 15 ਤੋਂ 17 ਕੁਇੰਟਲ ਹੀ ਨਿਕਲ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਬਿਜਲੀ ਕੱਟਾਂ ਕਰਕੇ ਫ਼ਸਲਾਂ ਨੂੰ ਲੋੜੀਂਦਾ ਪਾਣੀ ਵੀ ਨਹੀਂ ਮਿਲ ਰਿਹਾ। ਬਿਜਲੀ ਦੀ ਘਾਟ ਨੂੰ ਦੇਖਦਿਆਂ ਕਿਸਾਨਾਂ ਨੇ ਕਣਕ ਦੀ ਵਾਢੀ ਤੋਂ ਬਾਅਦ ਮੂੰਗੀ ਅਤੇ ਸੂਰਜਮੁਖੀ ਦੀ ਫ਼ਸਲ ਬੀਜਣ ਤੋਂ ਹੱਥ ਖਿੱਚ ਲਿਆ ਹੈ। ਗਰਮੀ ਵਧਣ ਕਰਕੇ ਨਿੰਬੂ, ਗੋਭੀ, ਪੁਦੀਨਾ ਸਣੇ ਹੋਰਨਾਂ ਸਬਜ਼ੀਆਂ ’ਤੇ ਅਸਰ ਪਿਆ ਹੈ। ਉਧਰ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੁਕਤਸਰ ਸਭ ਤੋਂ ਗਰਮ ਸ਼ਹਿਰ ਰਿਹਾ ਹੈ ਜਿੱਥੇ ਅੱਜ ਵੱਧ ਤੋਂ ਵੱਧ ਤਾਪਮਾਨ 43.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਵਿੱਚ ਫਰੀਦਾਬਾਦ ਸਭ ਤੋਂ ਗਰਮ ਰਿਹਾ। ਉਥੇ ਵੱਧ ਤੋਂ ਵੱਧ ਤਾਪਮਾਨ 45.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 13 ਅਪਰੈਲ ਨੂੰ ਦੋਵਾਂ ਸੂਬਿਆ ’ਚ ਪਹਾੜਾਂ ਦੇ ਨਾਲ ਲਗਦੇ ਇਲਾਕਿਆਂ ਵਿੱਚ ਕਿਣ-ਮਿਣ ਦੀ ਉਮੀਦ ਹੈ ਪਰ ਇਸ ਨਾਲ ਗਰਮੀ ਤੋਂ ਰਾਹਤ ਨਹੀਂ ਮਿਲੇਗੀ।
ਕਣਕ ਦੀ ਫ਼ਸਲ ’ਤੇ ਇਕ ਹਜ਼ਾਰ ਰੁਪਏ ਕੁਇੰਟਲ ਬੋਨਸ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਗਰਮੀ ਵਧਣ ਕਰਕੇ ਝਾੜ ਘਟਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਰਮੀ ਕਰਕੇ ਝਾੜ 25 ਫ਼ੀਸਦ ਘੱਟ ਗਿਆ ਹੈ। ਕਣਕ ਦੀ ਫ਼ਸਲ ਦਾ ਝਾੜ ਘਟਣ ਕਰਕੇ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਕਣਕ ਦੀ ਕੀਮਤ ਵਿੱਚ ਹੋਏ ਵਾਧੇ ਕਰਕੇ ਕਿਸਾਨਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਇਸ ਤੋਂ ਇਲਾਵਾ ਖੇਤਾਂ ਵਿੱਚ ਦਿਨ ਸਮੇਂ ਬਿਜਲੀ ਦੀ ਸਪਲਾਈ ਸਹੀ ਢੰਗ ਨਾਲ ਮੁਹੱਈਆ ਕਰਵਾਈ ਜਾਵੇ।