ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਫਰਵਰੀ
ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਘੁੰਮਣ ਸਿੰਘ ਕਿਰਮਚ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਬਜਟ ਤਿਆਰ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਸਿੱਧਾ ਰਾਬਤਾ ਕੀਤਾ ਤੇ ਸੁਝਾਅ ਵੀ ਮੰਗੇ। ਇਸ ਸਾਲ ਵੀ ਸੂਬਾ ਸਰਕਾਰ ਦਾ ਬਜਟ ਕਿਸਾਨ ਪੱਖੀ ਰਹੇਗਾ। ਅਹਿਮ ਪਹਿਲੂ ਇਹ ਹੈ ਕਿ ਸੂਬਾ ਸਰਕਾਰ ਬਾਗਬਾਨੀ ਤੇ ਸਬਜ਼ੀਆਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਬਸਿਡੀ ਜਿਹੀਆਂ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕਰ ਰਹੀ ਹੈ। ਉਹ ਅੱਜ ਪਿੰਡ ਬੜੌਂਦੀ ਵਿਚ ਅਗਾਂਹਵਧੂ ਕਿਸਾਨ ਗੋਲਡੀ ਦੇ ਫਾਰਮ ਦਾ ਨਿਰੀਖਣ ਕਰਨ ਮਗਰੋਂ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਕਿਸਾਨ ਗੋਲਡੀ ਵੱਲੋਂ ਲਾਈ ਸਬਜ਼ੀਆਂ ਦੀ ਪੌਦਨੂੰ ਦੇਖਿਆ ਤੇ ਹਾਈਬ੍ਰਿਡ ਪੌਦ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਹਿੱਤ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਤਿੰਨ ਏਕੜ ਤੱਕ ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਕਵਰ ਕੀਤਾ ਜਾਏਗਾ। ਉਨਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਆਮਦਨ ਇਕ ਲੱਖ 80 ਹਜ਼ਾਰ ਰੁਪਏ ਤੋਂ ਸਾਲਾਨਾ ਘੱਟ ਹੈ ਉਨਾਂ ਨੂੰ ਆਯੂਸ਼ਮਾਨ ਯੋਜਨਾ ਦੇ ਤਹਿਤ ਕਾਰਡ ਬਣਨ ਤੋਂ ਬਾਦ ਨੂੰ 5 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਇਸ ਮੌਕੇ ਓਮਵੀਰ ਲਾਲਰ, ਪ੍ਰਦੀਪ ਸਹਿਗਲ, ਪ੍ਰਵੀਣ ਪੰਚਾਲ ਤੇ ਅਨਿਲ ਗੁਪਤਾ ਹਾਜ਼ਰ ਸਨ।