ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਜੂਨ
ਮੰਚ ਰੰਗਮੰਚ ਦੀ ਟੀਮ ਵੱਲੋਂ ਪੰਜਾਬ ਨਾਟਸ਼ਾਲਾ ਵਿੱਚ ‘ਮਿੱਟੀ ਨਾ ਹੋਵੇ ਮਤਰੇਈ’ ਨਾਟਕ ਦਾ ਮੰਚਨ ਕੀਤਾ ਗਿਆ। ਨਾਟਕ ਦਾ ਰੂਪਾਂਤਰਨ ਅਮਿਤੋਜ ਵੱਲੋਂ ਕੀਤਾ ਗਿਆ ਜਦੋਂਕਿ ਨਿਰਦੇਸ਼ਨ ਕੇਵਲ ਧਾਲੀਵਾਲ ਨੇ ਕੀਤਾ। ਨਕਾਲ ਸ਼ੈਲੀ ਵਿੱਚ ਪੇਸ਼ ਇਸ ਸੰਗੀਤਮਈ ਨਾਟਕ ਦੀ ਕਹਾਣੀ ਇਕ ਰਾਜ ਪਰਿਵਾਰ ਅਤੇ ਉਸ ਦੀ ਨੌਕਰਾਣੀ ਦੁਆਲੇ ਘੁੰਮਦੀ ਹੈ। ਰਾਜਾ ਆਪਣੀ ਰਾਣੀ ਨੂੰ ਖੁਸ਼ ਕਰਨ ਦੇ ਮੰਤਵ ਨਾਲ ਗ਼ਰੀਬਾਂ ਦੀ ਬਸਤੀ ਨੂੰ ਉਜਾੜ ਦਿੰਦਾ ਹੈ ਅਤੇ ਉੱਥੇ ਇਕ ਬਗੀਚਾ ਬਣਵਾਉਂਦਾ ਹੈ। ਜਨਤਾ ਬਗ਼ਾਵਤ ਕਰ ਦਿੰਦੀ ਹੈ ਅਤੇ ਰਾਜਾ-ਰਾਣੀ ਜਾਨ ਬਚਾਉਣ ਲਈ ਇੱਥੋਂ ਪ੍ਰਵਾਸ ਕਰ ਜਾਂਦੇ ਹਨ। ਰਾਣੀ ਗਹਿਣਿਆਂ ਤੇ ਹੋਰ ਸਾਮਾਨ ਦੇ ਲਾਲਚ ਵਿੱਚ ਆਪਣੇ ਛੋਟੇ ਬੱਚੇ ਨੂੰ ਭੁੱਲ ਜਾਂਦੀ ਹੈ ਜਿਸ ਨੂੰ ਬਾਅਦ ਵਿਚ ਨੌਕਰਾਣੀ ਪਾਲਦੀ ਹੈ। ਮਾਹੌਲ ਸ਼ਾਂਤ ਹੋਣ ਮਗਰੋਂ ਰਾਜ ਪਰਿਵਾਰ ਵਾਪਸ ਪਰਤ ਆਉਂਦਾ ਹੈ ਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਨੌਕਰਾਣੀ ਕੋਲ ਹੈ। ਬੱਚੇ ਨੂੰ ਲੈਣ ਵਾਸਤੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਤੇ ਮਾਮਲਾ ਜੱਜ ਕੋਲ ਪੁੱਜਦਾ ਹੈ। ਜੱਜ ਬੱਚੇ ਨੂੰ ਦੋਵਾਂ ਔਰਤਾਂ ਦੇ ਵਿਚਾਲੇ ਖੜ੍ਹਾ ਕੇ ਕਹਿੰਦਾ ਹੈ ਕਿ ਜੋ ਔਰਤ ਇਸ ਨੂੰ ਜ਼ੋਰ ਨਾਲ ਆਪਣੇ ਪਾਸੇ ਖਿੱਚੇਗੀ, ਬੱਚੇ ਤੇ ਉਸ ਦਾ ਹੱਕ ਹੋਵੇਗਾ। ਹਰ ਵਾਰ ਰਾਣੀ ਬੱਚੇ ਨੂੰ ਜ਼ੋਰ ਨਾਲ ਖਿੱਚਦੀ ਹੈ ਪਰ ਨੌਕਰਾਣੀ ਹੌਲੀ। ਜੱਜ ਨੂੰ ਨੌਕਰਾਣੀ ਕਹਿੰਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਦੀ ਬਾਂਹ ਟੁੱਟ ਜਾਵੇਗੀ। ਨੌਕਰਾਣੀ ਬੱਚਾ ਰਾਣੀ ਨੂੰ ਦੇ ਦੇਣ ਲਈ ਆਖ ਦਿੰਦੀ ਹੈ।
ਨਿਰਦੇਸ਼ਕ ਕੇਵਲ ਧਾਲੀਵਾਲ ਨੇ ਆਖਿਆ ਕਿ ਨਾਟਕ ਵਿੱਚ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਵਾ ਦਿਖਾਇਆ ਗਿਆ ਹੈ। ਨਾਟਸ਼ਾਲਾ ਦੇ ਮੁਖੀ ਜਤਿੰਦਰ ਬਰਾੜ ਨੇ ਨਾਟਕ ਦੀ ਵਧੀਆ ਪੇਸ਼ਕਾਰੀ ਲਈ ਟੀਮ ਨੂੰ ਵਧਾਈ ਦਿੱਤੀ ਤੇ ਸਨਮਾਨ ਕੀਤਾ। ਨਾਟਕ ਵਿਚ ਕਲਾਕਾਰ ਵਜੋਂ ਇਮੈਨੂਅਲ ਸਿੰਘ, ਡਾਲੀ, ਸਾਜਨ, ਵੀਰਪਾਲ ਕੌਰ, ਮਨਜੀਤ ਸਿੰਘ, ਗੁਰਦਿਤਪਾਲ ਅਤੇ ਹੋਰਨਾਂ ਨੇ ਕਿਰਦਾਰ ਨਿਭਾਏ।