
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਮਾਰਚ
ਅੱਜ ਬਲਾਕ ਖੰਨਾ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੂੰ ਕਣਕ, ਝੋਨੇ ਦੇ ਰਵਾਇਤੀ ਫਸਲ ਚੱਕਰ ਵਿਚ ਗਰਮ ਰੁੱਤ ਦੀ ਸੱਠੀ ਮੂੰਗੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਲੂਆਂ ਅਤੇ ਕਣਕ ਦੀ ਫ਼ਸਲ ਉਪਰੰਤ ਝੋਨਾ ਅਤੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਢਾਈ ਮਹੀਨੇ ਜ਼ਮੀਨਾਂ ਖਾਲੀ ਹੁੰਦੀਆਂ ਹਨ। ਇਸ ਦੌਰਾਨ ਕਿਸਾਨ ਸੱਠੀ ਮੂੰਗੀ ਦੀ ਕਾਸ਼ਤ ਕਰਕੇ ਚੰਗੀ ਕਮਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅੱਧ ਮਾਰਚ ਤੋਂ 10 ਅਪਰੈਲ ਤੱਕ ਸੱਠੀ ਮੂੰਗੀ ਸਿਫਾਰਸ਼ ਕਰਦੀ ਹੈ ਅਤੇ ਇਹ ਫਲੀਦਾਰ ਫਸਲ ਹੋਣ ਕਾਰਨ ਇਸ ਨੂੰ ਖਾਦਾਂ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਹੈ ਕਿਉਂਕਿ ਆਲੂਆਂ ਦੀ ਫਸਲ ਉਪਰੰਤ ਮੂੰਗੀ ਨੂੰ ਖਾਦ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਮੂੰਗੀ ਦੀ ਬਿਜਾਈ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ।
ਇਸ ਮੌਕੇ ਕਿਸਾਨ ਰੁਲਦਾ ਸਿੰਘ, ਸੇਵਕ ਸਿੰਘ, ਰਣਯੋਧ ਸਿੰਘ, ਦਰਸ਼ਨ ਸਿੰਘ, ਰੂਪ ਸਿੰਘ, ਅਜੀਤ ਸਿੰਘ, ਸਿਕੰਦਰ ਸਿੰਘ, ਛਿੰਦਰ ਸਿੰਘ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ