ਬਲਵਿੰਦਰ ਸਿੰਘ ਭੰਗੂ
ਭੋਗਪੁਰ, 28 ਜਨਵਰੀ
ਇਲਾਕੇ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਜੰਗਲੀ ਜਾਨਵਰ ਅਤੇ ਅਵਾਰਾ ਪਸ਼ੂ ਖਰਾਬ ਕਰਨ ‘ਚ ਕਸਰ ਨਹੀਂ ਛੱਡ ਰਹੇ। ਝੁਡਾਂ ਦੇ ਝੁੰਡ ਆਵਾਰਾ ਪਸ਼ੂ ਦਿਨ ਰਾਤ ਫਸਲਾਂ ਨੂੰ ਖਾ ਰਹੇ ਹਨ ਅਤੇ ਜੇਕਰ ਕਿਸਾਨ ਆਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਨੂੰ ਆਪਣੇ ਖੇਤਾਂ ਵਿੱਚ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕਿਸਾਨ ਪਿਛੇ ਵੀ ਭੱਜਦੇ ਹਨ ਇਸ ਤੋਂ ਇਲਾਵਾ ਇਹ ਅਵਾਰਾ ਪਸ਼ੂ ਸੜਕਾਂ ‘ਤੇ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ ਜਿਸ ਵਿੱਚ ਮਨੁੱਖੀ ਜਾਨਾਂ ਜਾਂਦੀਆਂ ਹਨ। ਜੰਗਲੀ ਸੂਰ ਵੀ ਆਲੂਆਂ ਅਤੇ ਕਮਾਦ ਦਾ ਨੁਕਸਾਨ ਕਰਦੇ ਹਨ। ਪਿੰਡ ਚਾਹੜਕੇ ਦੇ ਕਿਸਾਨ ਗੁਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਜੇਕਰ ਸਰਕਾਰ ਗਊ ਸੈੱਸ ਲਗਾਉਂਦੀ ਹੈ ਤਾਂ ਫਿਰ ਇਹ ਗਾਵਾਂ ਬੇਸਹਾਰਾ ਕਿਉਂ ਤੁਰੀਆਂ ਫਿਰਦੀਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਫਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾ ਕੇ ਪਾਲਣੀਆਂ ਪੈਂਦੀਆਂ ਹਨ ਅਤੇ ਜਦੋਂ ਫ਼ਸਲ ਤਿਆਰ ਹੋ ਜਾਂਦੀ ਹੈ ਤਾਂ ਮੰਡੀਆਂ ਵਿੱਚ ਆਪਣੀ ਉਤਪਾਦ ਕੀਤੀ ਜਿਣਸ ਨੂੰ ਵੇਚਣ ਲਈ ਕਈ ਕਈ ਦਿਨ ਮੰਡੀਆਂ ਵਿੱਚ ਬਹਿਣਾ ਪੈਂਦਾ ਹੈ।
ਕਿਸਾਨ ਜਗਦੇਵ ਸਿੰਘ ਸੈਣੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿਚੋਂ ਸੂਰ ਮੈਦਾਨੀ ਇਲਾਕੇ ਵਿੱਚ ਆ ਕੇ ਆਲੂਆਂ, ਮੱਕੀ, ਕਮਾਦ ਅਤੇ ਹੋਰ ਫ਼ਸਲਾਂ ਦਾ ਬਹੁੱਤ ਨੁਕਸਾਨ ਕਰਦੇ ਹਨ ਇਥੋਂ ਤੱਕ ਕਿ ਕਈ ਵਾਰ ਕਿਸਾਨਾਂ ਨੂੰ ਵੀ ਜ਼ਖ਼ਮੀ ਕਰ ਜਾਂਦੇ ਹਨ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜੰਗਲੀ ਸੂਰਾਂ ਨੂੰ ਕਾਬੂ ਕਰਨ ਦਾ ਪ੍ਰਬੰਧ ਕਰੇ। ਜਦ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਰਵੀ ਕਾਂਤ ਨਾਲ ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਜਦੋਂ ਹੀ ਸਰਕਾਰ ਵਲੋਂ ਫੰਡ ਜਾਰੀ ਹੋਏ ਤਾਂ ਸਾਰੇ ਪੰਜਾਬ ਵਿੱਚ ਹੋਰ ਸਰਕਾਰੀ ਅਤੇ ਨਿੱਜੀ ਸ਼ੈਡ ਬਣਾ ਕੇ ਇਹਨਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਰੱਖਿਆ ਜਾਵੇਗਾ। ਵਣ ਤੇ ਜੰਗਲੀ ਜੀਵ ਸੁਰੱਖਿਆ ਦੇ ਵਧੀਕ ਮੁੱਖ ਸਕੱਤਰ ਰਾਜੀ ਪੀ ਸ੍ਰਵਾਸਤਵਾ ਨੇ ਕਿਹਾ ਉਹ ਛੇਤੀ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲੀ ਸੂਰਾਂ ਨੂੰ ਕਾਬੂ ਕਰਨ ਦੇ ਨਿਰਦੇਸ਼ ਦੇਣਗੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਡਾਇਰੈਕਟਰ ਡਾ. ਰਾਮ ਪਾਲ ਮਿੱਤਲ ਨੇ ਕਿਹਾ ਕਿ ਇਸ ਸਮਸਿਆ ਨੂੰ ਹੱਲ ਕਰਨ ਲਈ ਪੰਚਾਇਤੀ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।