ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੂਨ
ਨਰਮਾ ਪੱਟੀ ਵਿਚ ਅਚਾਨਕ ਹੀ ਬੀਟੀ ਨਰਮੇ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਕਾਸ਼ਤਕਾਰ ਘਬਰਾ ਗਏ ਹਨ। ਖੇਤੀ ਵਿਭਾਗ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਸਵੀਕਾਰ ਕਰਦਿਆਂ ਫ਼ਿਲਹਾਲ ਇਸ ਮਾਮੂਲੀ ਮੰਨਿਆ ਹੈ। ਇਸ ਨੂੰ ਈਟੀਐਲ ਪੱਧਰ ਤੋਂ ਥੱਲੇ ਕਰਾਰ ਦਿੱਤਾ ਹੈ। ਵਿਭਾਗ ਅਨੁਸਾਰ ਜਿਹੜੇ ਪਿੰਡਾਂ ਵਿੱਚ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਉਨ੍ਹਾਂ ਵਿੱਚ ਪਿੰਡ ਫੱਤਾ ਮਾਲੋਕਾ, ਖ਼ੈਰਾ, ਕੋਟਧਰਮੂ, ਮੀਆਂ ਦੇ ਇਲਾਕੇ ਸ਼ਾਮਲ ਹਨ।
ਇਸ ਹਮਲੇ ਸਬੰਧੀ ਕਿਸਾਨਾਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਤੋਂ ਬਾਅਦ ਅਧਿਕਾਰੀ ਖੇਤਾਂ ਵਿੱਚ ਜਾ ਕੇ ਅਗੇਤੇ ਖਿੜੇ ਨਰਮੇ ਦੇ ਫੁੱਲਾਂ ਦਾ ਨਿਰੀਖਣ ਕਰਨ ਲੱਗੇ ਹਨ। ਇਸ ਦੌਰਾਨ ਹੀ ਹਮਲੇ ਦੀ ਪੁਸ਼ਟੀ ਹੋਈ ਹੈ। ਭਾਵੇਂ ਅਜੇ ਨਰਮੇ ਦੇ ਵੱਡੇ ਰਕਬੇ ਵਿੱਚ ਬੂਟਿਆਂ ਨੂੰ ਫੁੱਲ ਨਹੀਂ ਪਏ ਤੇ ਜਿੱਥੇ ਕਿਤੇ ਅਗੇਤੀਆਂ ਕਿਸਮਾਂ ਨੂੰ ਇਹ ਫੁੱਲ ਲੱਗ ਗਏ ਹਨ, ਉੱਥੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਬੈਠੀ ਹੋਈ ਵਿਖਾਈ ਦਿੰਦੀ ਹੈ।
ਪਿੰਡ ਮੀਆਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਨਰਮਾ 55-60 ਦਿਨਾਂ ਦਾ ਹੋ ਗਿਆ ਹੈ। ਇਸ ਉੱਪਰ ਲੱਗੇ ਫੁੱਲਾਂ ਨੂੰ ਜਦੋਂ ਤੋੜ ਕੇ ਦੇਖਿਆ ਤਾਂ ਵੱਡੀ ਸੁੰਡੀ ਦਿਖਾਈ ਦਿੱਤੀ।
ਕਿਸਾਨ ਜਗਮੀਤ ਸਿੰਘ ਮਾਨ ਨੇ ਕਿਹਾ ਕਿ ਇਸ ਹਮਲੇ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਇਸ ਵਾਰ ਵੀ ਨਰਮੇ ਦੀ ਫ਼ਸਲ ਸੁੰਡੀ ਤੋਂ ਬਚ ਨਹੀਂ ਸਕੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣੇ ਤੋਂ ਸੁੰਡੀ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾਣ ਅਤੇ ਕਿਸਾਨਾਂ ਨੂੰ ਲੋੜੀਂਦੀਆਂ ਕੀਟਨਾਸ਼ਕ ਦਵਾਈਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਵਧੀਆ ਗੁਣਵੱਤਾ ਅਤੇ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਜਾਣ।
ਉਧਰ, ਮਹਿਕਮੇ ਨੇ ਕਿਸਾਨਾਂ ਨੂੰ ਬਿਲਕੁਲ ਨਾ ਘਬਰਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਵਿਭਾਗ ਵੱਲੋਂ ਕੀਤੇ ਤਾਜ਼ਾ ਸਰਵੇਖਣ ਦੌਰਾਨ ਇਸ ਹਮਲੇ ਦਾ ਮਾਮਲਾ ਖੇਤਾਂ ਵਿੱਚ ਕਿਧਰੇ ਵੀ ਵੱਡੀ ਪੱਧਰ ‘ਤੇ ਸਾਹਮਣੇ ਨਹੀਂ ਆਇਆ ਹੈ। ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਮੰਨਿਆ ਕਿ ਕਿਤੇ-ਕਿਤੇ ਗੁਲਾਬੀ ਸੁੰਡੀ ਦੇ ਉੱਡਦੇ ਪਤੰਗੇ ਸਾਹਮਣੇ ਆਏ ਹਨ, ਫ਼ਿਲਹਾਲ ਇਨ੍ਹਾਂ ਦੀ ਪੁਜੀਸ਼ਨ ਆਂਡਿਆਂ ਤੱਕ ਹੀ ਹੈ ਤੇ ਇਸ ਤੋਂ ਅੱਗੇ ਜਾਣ ਦੀ ਕੋਈ ਉਮੀਦ ਵਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਂਜ ਖੇਤੀਬਾੜੀ ਵਿਭਾਗ ਇਸ ਮਾਮਲੇ ਨੂੰ ਲੈ ਕੇ ਹਰਕਤ ਵਿੱਚ ਆ ਗਿਆ ਹੈ।
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ: ਖੇਤੀਬਾੜੀ ਅਫ਼ਸਰ
ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਝੁਨੀਰ ਅਤੇ ਸਰਦੂਲਗੜ੍ਹ ਖੇਤਰ ਦੇ ਸਰ੍ਹੋਂ ਵਾਲੇ ਖੇਤਾਂ ਵਿੱਚ ਆਇਆ ਹੈ, ਪਰ ਇਸ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਅਜੇ ਸਪਰੇਆਂ ਕਰਨ ਦਾ ਸਮਾਂ ਹੈ ਕਿਉਂਕਿ ਧੁੱਪ ਬਹੁਤ ਪੈ ਰਹੀ ਹੈ। ਇਸ ਕਾਰਨ ਕਿਸੇ ਸਪਰੇਅ ਨੇ ਕੰਮ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਨੂੰ ਤੋੜ ਕੇ ਧਰਤੀ ਵਿੱਚ ਦੱਬ ਦਿੱਤਾ ਜਾਵੇ।