ਜਤਿੰਦਰ ਬੈਂਸ
ਗੁਰਦਾਸਪੁਰ, 14 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਇੱਥੇ ਰੇਲਵੇ ਲਾਈਨ ਉੱਤੇ ਸ਼ੁਰੂ ਕੀਤਾ ਰਾਤ-ਦਿਨ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਸੰਘਰਸ਼ ਜਾਰੀ ਰੱਖਣ ਦੀ ਐਲਾਨ ਕੀਤਾ ਗਿਆ।
ਬੁਲਾਰਿਆਂ ਨੇ ਮੋਦੀ ਸਰਕਾਰ ਉੱਪਰ ਦੋਸ਼ ਲਾਇਆ ਕਿ ਵਿਸ਼ਵ ਬੈਂਕ ਅਤੇ ਸੰਸਾਰ ਵਪਾਰ ਸੰਸਥਾ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਸਾਮਰਾਜੀ ਸਾਜ਼ਿਸ਼ਾਂ ਤਹਿਤ ਭਾਰਤ ਖਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਖੇਤੀ ਕਾਰਪੋਰੇਟ ਸੈਕਟਰ ਹਵਾਲੇ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਤਬਾਹੀ ਵੱਲ ਧੱਕਣ ਵਾਲੇ ਹਾਕਮਾਂ ਵੀ ਸੱਦਾ ਨਹੀਂ ਰਹਿਣਾ ਹੈ। ਇਸ ਲਈ ਹਾਕਮਾਂ ਨੂੰ ਬਿਨਾਂ ਦੇਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਐੱਮਐੱਸਪੀ ਨੂੰ ਕਾਨੂੰਨੀ ਰੂਪ ਦੇਣਾ ਚਾਹੀਦਾ ਹੈ।
ਇੱਕ ਮਤੇ ਰਾਹੀਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਦਿਨ ਨੂੰ ਘੱਟੋ-ਘੱਟ ਸਮਰਥਨ ਮੁੱਲ ਕਾਇਮ ਰੱਖਣ ਦੇ ਸੰਕਲਪ ਵੱਜੋਂ ਮਨਾਉਣ ਦੇ ਮਤੇ ਦੀ ਹਮਾਇਤ ਕੀਤੀ ਗਈ। ਅੱਜ ਧਰਨੇ ਦੌਰਾਨ ਇੰਟਰਨੈਸ਼ਨਲ ਪੰਥਕ ਢਾਡੀ ਜਥੇ ਨੇ ਬਾਬਾ ਖੜਕ ਸਿੰਘ ਪਠਾਨਕੋਟ ਦੀ ਅਗਵਾਈ ਹੇਠ ਪੰਜਾਬ ਦੇ ਮਹਾਨ ਯੋਧੇ ਤੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰਿਆਂ ਨੂੰ ਪੱਕੇ ਪਟੇ ਲਿਖ ਕੇ ਦੇਣ ਵਾਲੇ ਯੋਧੇ ਦੀ ਵਾਰਾਂ ਸੁਣਾ ਕੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਨੰਗਲ ਸ਼ਹੀਦਾਂ ਵਿੱਚ ਇਲਾਕੇ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅੱਜ ਤੀਜੇ ਦਿਨ ਵੀ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੇ ਬੇਸਿੱਟਾ ਰਹਿਣ ’ਤੇ ਕਿਸਾਨ ਆਗੂ ਰੋਹ ਵਿੱਚ ਆ ਗਏ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਗੰਭੀਰ ਨਹੀਂ ਹੈ। ਉਨ੍ਹਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਰਈਆ (ਦਵਿੰਦਰ ਜੱਗੀ): ਕੁੱਲ ਹਿੰਦ ਕਿਸਾਨ ਤਾਲਮੇਲ ਕਮੇਟੀ ਵੱਲੋਂ ਅੱਜ 14ਵੇਂ ਦਿਨ ਬੁਟਾਰੀ ਰੇਲਵੇ ਸਟੇਸ਼ਨ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਕਾਸ਼ ਸਿੰਘ ਥੋਥੀਆਂ ਆਜ਼ਾਦ ਸੰਘਰਸ਼ ਕਮੇਟੀ ਬਾਬਾ ਮਹਿੰਦਰ ਸਿੰਘ ਵੇਈਂਪੁਈਂ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਾਰ ਸਿੰਘ, ਦੁਧਾਲਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਰਣਜੀਤ ਸਿੰਘ ਅਲੀਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਭਰਵਾਂ ਸਮਾਗਮ ਰੇਲ ਪਟੜੀ ’ਤੇ ਕੀਤਾ। ਇਸ ਮੌਕੇ ਕੇਵਲ ਸਿੰਘ ਭਿੱਖੀਵਿੰਡ, ਬਾਬਾ ਮਹਿੰਦਰ ਸਿੰਘ ਵੇਈਪੁਈ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਤੁੜ, ਜਗਤਾਰ ਸਿੰਘ ਰਾਜੋ ਕੇ ਸੁਖਵੰਤ ਸਿੰਘ ਦੁਗਲੀ, ਰਵਿੰਦਰ ਸਿੰਘ ਛੱਜਲਵੱਡੀ, ਜਸਪਾਲ ਸਿੰਘ ਢਿੱਲੋਂ ਸੁਲੱਖਣ ਸਿੰਘ ਤੁੜ, ਗੁਰਮੇਜ ਤਿੰਮੋਵਾਲ ਯੁੱਧਵੀਰ ਸਰਜਾ ਲੱਖਾ ਸਿੰਘ ਛੱਜਲਵੱਡੀ ਤੇ ਲਖਬੀਰ ਸਿੰਘ ਨਿਜ਼ਾਮਪੁਰ ਨੇ ਸੰਬੋਧਨ ਕੀਤਾ।
ਕਿਸਾਨੀ ਘੋਲ ਵਿੱਚ ਭਲਵਾਨ ਤੇ ਖਿਡਾਰੀ ਵੀ ਕੁੱਦੇ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 14 ਅਕਤੂਬਰ
ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਕਈ ਦਿਨਾਂ ਤੋਂ ਰੇਲਵੇ ਸਟੇਸ਼ਨ ਭੋਗਪੁਰ ਸੀਰੋਵਾਲ ਦੇ ਸਾਹਮਣੇ ਰੇਲ ਪਟੜੀ ਉੱਪਰ ਲਗਾਏ ਗਏ ਧਰਨੇ ਵਿੱਚ ਪੰਜਾਬ ਭਰ ’ਚੋਂ ਅੰਤਰਰਾਸ਼ਟਰੀ, ਰਾਸ਼ਟਰੀ, ਪੰਜਾਬ ਪੱਧਰ ਦੇ ਭਲਵਾਨ ਅਤੇ ਕਬੱਡੀ ਖਿਡਾਰੀ ਮੋਦੀ ਸਰਕਾਰ ਵਿਰੁੱਧ ਧਰਨੇ ਵਿੱਚ ਬੈਠ ਗਏ।
ਮਨਜੀਤ ਸਿੰਘ ਮਾਛੀਵਾੜ, ਸੱਤਾ ਖਡੂਰ ਸਾਹਿਬ, ਫਰਿਆਦ ਸ਼ੱਕਰਪੁਰ, ਮਲਕ ਸ਼ੱਕਰਪੁਰ, ਗੋਗੀ ਖੀਰਾਂਵਾਲੀ, ਬੰਟੀ ਟਿੱਬਾ, ਜੋਰਾ ਕੋਚ, ਕਾਕਾ ਕਲੇਰ, ਦਲਜੀਤ ਸਿੰਘ ਧਾਰੀਵਾਲ, ਮਹਿੰਦਰ ਸੁਰਖਪੁਰ ਅਤੇ ਇੰਦਰਪਾਲ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦਾ ਧੁਰਾ ਕਿਸਾਨ ਹੈ, ਜੇਕਰ ਕਿਸਾਨ ਹੀ ਬਰਬਾਦ ਹੋ ਗਿਆ ਤਾਂ ਪੰਜਾਬ ਦੀਆਂ ਖੇਡਾਂ ਤੇ ਪੰਜਾਬੀ ਸਭਿਆਚਾਰ ਖਤਮ ਹੋ ਜਾਵੇਗਾ। ਇਸ ਲਈ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਾਉਣ ਲਈ ਲਗਾਏ ਗਏ ਸੰਘਰਸ਼ ਵਿੱਚ ਸ਼ਾਮਲ ਹੋਣਾ ਖਿਡਾਰੀਆਂ, ਗੀਤਕਾਰਾਂ ਅਤੇ ਗਾਇਕਾਂ ਦਾ ਨੈਤਿਕ ਫਰਜ਼ ਹੈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਅਟਵਾਲ ਨੇ ਖਿਡਾਰੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਪੰਜਾਬੀ ਭਾਵੇਂ ਕਿਸੇ ਵੀ ਵਰਗ ਦਾ ਹੋਵੇ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਜਿਸ ਕਰਕੇ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ।