ਲਖਵਿੰਦਰ ਸਿੰਘ
ਮਲੋਟ, 27 ਅਕਤੂਬਰ
ਇੱਥੇ ਦਾਣਾ ਮੰਡੀ ਵਿੱਚ ਮਾੜੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੇ ਮੁੜ ਮਾਰਕੀਟ ਕਮੇਟੀ ਮਲੋਟ ਦਾ ਦਫ਼ਤਰ ਘੇਰਿਆ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਦਸ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਬੈਠੇ ਹਨ, ਉਨ੍ਹਾਂ ਕੋਲ ਕਿਸੇ ਵੀ ਸਰਕਾਰੀ ਖ਼ਰੀਦ ਏਜੰਸੀ ਦਾ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਉਨ੍ਹਾਂ ਕੋਲ ਆਇਆ, ਜਿਸ ਨੇ ਆਪਣੇ ਨਮੀ ਮੀਟਰ ਨਾਲ ਝੋਨੇ ਦੀ ਨਮੀਂ 22 ਫ਼ੀਸਦੀ ਦਰਸਾਈ। ਉਨ੍ਹਾਂ ਕਿਹਾ ਕਿ ਜਦੋਂ ਉਸ ਦੇ ਮੀਟਰ ਤੇ ਮਾਰਕੀਟ ਕਮੇਟੀ ਦੇ ਨਮੀ ਮੀਟਰ ਨਾਲ ਮਿਲਾਨ ਕਰਵਾਇਆ ਤਾਂ ਨਮੀਂ ਦੀ ਮਾਤਰਾ ਵਿੱਚ ਵੱਡਾ ਫ਼ਰਕ ਆਇਆ। ਕਮੇਟੀ ਦਾ ਮੀਟਰ ਨੇ ਢੇਰੀ ਦੇ ਹੇਠਲੇ ਝੋਨੇ ’ਚ 15 ਅਤੇ ਉੱਤੋਂ ਲਏ ਸੈਂਪਲ ‘ਚ 19 ਪ੍ਰਤੀਸ਼ਤ ਨਮੀ ਦਿਖਾਈ। ਦੂਜਾ ਮੀਟਰ ਨਮੀ ਦੀ ਮਾਤਰਾ 22 ਤੋਂ ਵਧੇਰੇ ਦੱਸ ਰਿਹਾ ਸੀ।
ਕਿਸਾਨ ਆਗੂ ਲੱਖਾ ਸ਼ਰਮਾ ਨੇ ਦੱਸਿਆ ਕੇ ਅਜੇ ਵੀ ਕਿਸਾਨਾਂ ਦਾ ਸਿੱਧੇ-ਅਸਿੱਧੇ ਤਰੀਕੇ ਨਾਲ ਸ਼ੋਸ਼ਣ ਜਾਰੀ ਹੈ। ਇਸ ਵਿੱਚ ਆੜ੍ਹਤੀ, ਸ਼ੈੱਲਰ ਮਾਲਕ ਤੇ ਮਾਰਕਿਟ ਕਮੇਟੀ ਦੇ ਪ੍ਰਬੰਧਕ ਰਲੇ ਹੋਏ ਹਨ।
ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ: ਸੈਕਟਰੀ
ਮਾਰਕੀਟ ਕਮੇਟੀ ਦੇ ਸੈੱਕਟਰੀ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜਿਉਂ ਹੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ, ਉਨ੍ਹਾਂ ਨੇ ਦੋ ਸ਼ੈਲਰ ਫਰਮਾਂ ਭਗਵਤੀ ਅਤੇ ਰਾਜ ਕੁਮਾਰ ਐਂਡ ਸੰਨਜ਼ ਨੂੰ ਨੋਟਿਸ ਜਾਰੀ ਕੀਤਾ ਹੈ। ਔਲਖ ਦਾ ਇੱਕ ਲਾਇਸੈਂਸ ਵੀ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਮੀ ਠੀਕ ਵਾਲੇ ਝੋਨੇ ਦੀ ਫ਼ਸਲ ਨੂੰ ਵੀ ਮੰਡੀ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ।
ਸ਼ੈੱਲਰ ਮਾਲਕਾਂ ਨੇ ਦੋਸ਼ ਨਕਾਰੇ
ਮਾਰਕੀਟ ਕਮੇਟੀ ’ਚ ਇਕੱਠੇ ਹੋਏ ਕਰੀਬ ਅੱਧੀ ਦਰਜਨ ਸ਼ੈੱਲਰ ਮਾਲਕਾਂ ਨੇ ਆਪਣੇ ’ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੁੱਝ ਲੋਕਾਂ ਨੇ ਸਿਆਸੀ ਲਾਹਾ ਲੈਣ ਲਈ ਖ਼ਰੀਦ ਅਤੇ ਨਮੀ ਦੇ ਮੁੱਦੇ ਨੂੰ ਢਾਲ ਬਣਾ ਲਿਆ ਹੈ। ਉਹ ਜਾਣਬੁੱਝ ਕੇ ਇਕੱਠਾਂ ਜਾਂ ਧਰਨਿਆਂ ਵਿੱਚ ਕਿਸੇ ਸ਼ੈੱਲਰ ਵਾਲੇ ਦਾ ਨਾਂ ਬੁਲਵਾ ਕੇ ਅਕਸ ਨੂੰ ਢਾਹ ਲਾਉਂਦੇ ਹਨ। ਪਰਮਿੰਦਰ ਸਿੰਘ ਪੰਮਾ ਨੇ ਕਿਹਾ ਕਿ ਉਨ੍ਹਾਂ ’ਤੇ ਲੱਗੇ ਦੋਸ਼ ਬੇਬੁਨਿਆਦ ਹਨ।