ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਮਾਰਚ
ਇੱਥੋਂ ਦੇ ਵਾਤਾਵਰਨ ਪ੍ਰੇਮੀ ਮਨਦੀਪ ਬਾਂਸਲ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਇਲਾਕੇ ਅੰਦਰ ਨਵੇਂ ਬੂਟੇ ਲਾਉਣ ਤੇ ਪੁਰਾਣਿਆਂ ਦੀ ਸੰਭਾਲ ਲਈ ਸੇਵਾ ਕਰਨ ਦਾ ਆਪਣਾ ਮਿਸ਼ਨ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਮਨਦੀਪ ਬਾਂਸਲ ਵੱਲੋਂ ਬਣਾਈ ਗਈ ‘ਮਨਦੀਪ ਬਾਂਸਲ ਗਰੀਨ ਫਾਊਂਡੇਸ਼ਨ’ ਦੀ ਤਰਫੋਂ ਹੁਣ ਤੱਕ 13440 ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਹਨ। ਮਨਦੀਪ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਬੂਟਿਆਂ ਵਿੱਚੋਂ 8 ਹਜ਼ਾਰ ਬੂਟੇ ਲਗਪਗ ਰੁੱਖ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਬੂਟੇ ਸ਼ਹਿਰ ਦੇ ਵਿੱਦਿਅਕ ਅਦਾਰਿਆਂ, ਸਰਕਾਰੀ ਦਫਤਰਾਂ, ਸਟੇਡੀਅਮ, ਧਾਰਮਿਕ ਅਸਥਾਨਾਂ, ਕੌਮੀ ਮਾਰਗਾਂ ’ਤੇ ਲਗਾਏ ਗਏ ਹਨ।
ਸਤੌਜ ਵਾਸੀਆਂ ਨੇ ਬੂਟੇ ਲਾਏ
ਚੀਮਾ ਮੰਡੀ (ਪੱਤਰ ਪ੍ਰੇਰਕ): ਪਿੰਡ ਸਤੌਜ ਵਿੱਚ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਨੇ ਬੂਟੇ ਲਗਾਏ। ਇਸ ਮੌਕੇ ਰਾਹਤ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰਪਾਲ ਰਿਸ਼ੀ ਨੇ ਦੱਸਿਆ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ’ਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਫਿਰਨੀ ’ਤੇ ਬੂਟੇ ਲਗਾਏ ਹਨ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜਿਸ ਤਰ੍ਹਾਂ ਭਗਵੰਤ ਮਾਨ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣਗੇ, ਉਸੇ ਤਰ੍ਹਾਂ ਲੋਕਾਂ ਵੱਲੋਂ ਬੂਟੇ ਲਾ ਕੇ ਰਾਜ ਨੂੰ ਹਰਿਆ ਭਰਿਆ ਬਣਾਇਆ ਜਾਵੇ। ਇਸ ਮੌਕੇ ਗੁਰਮੀਤ ਸਿੰਘ ਮਾਨ, ਕੁਲਵਿੰਦਰ ਸਿੰਘ ਮਾਨ, ਸਾਬਕਾ ਸਰਪੰਚ ਜਸਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮਾਨ ਹਾਜ਼ਰ ਸਨ।