ਲਖਵਿੰਦਰ ਸਿੰਘ
ਮਲੋਟ, 17 ਅਗਸਤ
ਕੁੱਲ ਹਿੰਦ ਕਿਸਾਨ ਮਹਾਸਭਾ ਵੱਲੋਂ ਦੋ ਰੋਜ਼ਾ ਕਾਨਫਰੰਸ ਇਥੇ ਬਠਿੰਡਾ ਰੋਡ ’ਤੇ ਹੋਟਲ ਵਿੱਚ ਕੀਤੀ ਗਈ, ਜਿਸ ਵਿਚ ਉਤਰਾਖੰਡ ਅਤੇ ਬਿਹਾਰ, ਯੂਪੀ ਸਮੇਤ 19 ਸੂਬਿਆਂ ਤੋਂ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਹਾਸਭਾ ਦੇ ਕੌਮੀ ਪ੍ਰਧਾਨ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲਿਆਂਦੇ ਤਾਂ ਉਹ ਪਹਿਲਾਂ ਦੀ ਤਰ੍ਹਾਂ ਲੰਮੇਂ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ। ਪੰਜਾਬ ਦੀ ਤਰਜ਼ ‘ਤੇ ਦੂਜੇ ਸੂਬਿਆਂ ਨੂੰ ਐੱਮਐੱਸਪੀ ਦੇ ਘੇਰੇ ਵਿੱਚ ਲਿਆਂਦਾ ਜਾਵੇ। ਪੰਜਾਬ ਸਰਕਾਰ ਤੋਂ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਸਮੇਤ ਮੀਂਹ ਨਾਲ ਖਰਾਬ ਹੋਈਆਂ ਤੇ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਫਸਲਾਂ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਗੰਨੇ ਦੀ ਬਕਾਇਆ ਰਕਮ 400 ਕਰੋੜ ਦੀ ਅਦਾਇਗੀ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ 23 ਸਤੰਬਰ ਨੂੰ ਬਿਹਾਰ ਵਿਖੇ ਵੱਡੀ ਮਹਾਸਭਾ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਤੋਂ ਵੀ ਵੱਡੀ ਗਿਣਤੀ ਕਿਸਾਨ ਸ਼ਮੂਲੀਅਤ ਕਰਣਗੇ। ਇਸ ਮੌਕੇ ਉਤਰਾਖੰਡ ਦੇ ਪਰਸ਼ੋਤਮ ਸ਼ਰਮਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ, ਈਸ਼ਵਰੀ ਪ੍ਰਸ਼ਾਦ ਖੁਸ਼ਵਾਹਾ ਹਾਜ਼ਰ ਸਨ।