ਨਵੀਂ ਦਿੱਲੀ, 2 ਜਨਵਰੀ
ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ 2022-23 ਦੇ ਆਗਾਮੀ ਬਜਟ ਵਿੱਚ ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 18 ਲੱਖ ਕਰੋੜ ਰੁਪਏ ਕਰ ਸਕਦੀ ਹੈ। ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਚਾਲੂ ਵਿੱਤੀ ਸਾਲ ਲਈ ਖੇਤੀ ਕਰਜ਼ੇ ਦਾ ਟੀਚਾ 16.5 ਲੱਖ ਕਰੋੜ ਰੁਪਏ ਹੈ। ਸਰਕਾਰ ਹਰ ਸਾਲ ਖੇਤੀ ਕਰਜ਼ੇ ਦਾ ਟੀਚਾ ਵਧਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਾਰ ਵੀ ਟੀਚਾ ਵਧਾ ਕੇ 18 ਤੋਂ 18.5 ਲੱਖ ਕਰੋੜ ਰੁਪਏ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮਹੀਨੇ ਦੇ ਆਖਰੀ ਹਫਤੇ ਬਜਟ ਦੇ ਅੰਕੜਿਆਂ ਨੂੰ ਅੰਤਿਮ ਰੂਪ ਦਿੰਦੇ ਹੋਏ ਇਹ ਟੀਚਾ ਤੈਅ ਕੀਤਾ ਜਾ ਸਕਦਾ ਹੈ। ਸਰਕਾਰ ਬੈਂਕਿੰਗ ਸੈਕਟਰ ਲਈ ਸਾਲਾਨਾ ਖੇਤੀ ਕਰਜ਼ੇ ਦੇ ਟੀਚੇ ਨਿਰਧਾਰਤ ਕਰਦੀ ਹੈ। ਇਸ ਵਿੱਚ ਫਸਲੀ ਕਰਜ਼ੇ ਦਾ ਟੀਚਾ ਵੀ ਸ਼ਾਮਲ ਹੈ। ਹਾਲ ਹੀ ਦੇ ਸਾਲਾਂ ਵਿੱਚ ਖੇਤੀਬਾੜੀ ਕਰਜ਼ੇ ਲਗਾਤਾਰ ਵਧੇ ਹਨ ਅਤੇ ਹਰੇਕ ਵਿੱਤੀ ਸਾਲ ਵਿੱਚ ਖੇਤੀਬਾੜੀ ਕਰਜ਼ੇ ਦਾ ਅੰਕੜਾ ਟੀਚੇ ਤੋਂ ਵੱਧ ਰਿਹਾ ਹੈ। ਮਿਸਾਲ ਵਜੋਂ ਸਾਲ 2017-18 ਲਈ ਖੇਤੀਬਾੜੀ ਕਰਜ਼ੇ ਦਾ ਟੀਚਾ 10 ਲੱਖ ਕਰੋੜ ਰੁਪਏ ਸੀ ਪਰ ਉਸ ਸਾਲ ਕਿਸਾਨਾਂ ਨੂੰ 11.68 ਲੱਖ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਵਿੱਤੀ ਸਾਲ 2016-17 ਵਿੱਚ 9 ਲੱਖ ਕਰੋੜ ਰੁਪਏ ਦੇ ਫਸਲੀ ਕਰਜ਼ੇ ਦੇ ਟੀਚੇ ਦੇ ਮੁਕਾਬਲੇ 10.66 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ।