ਸ਼ਗਨ ਕਟਾਰੀਆ
ਬਠਿੰਡਾ, 4 ਅਪਰੈਲ
ਇੱਥੇ ‘ਖੇਤੀ ਭਵਨ’ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਵਿੱਚ ‘ਆਪ’ ਦੇ ਤਿੰਨ ਵਿਧਾਇਕਾਂ ਤੋਂ ਇਲਾਵਾ ਖੇਤੀ ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਬਠਿੰਡਾ (ਸ਼ਹਿਰੀ) ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਨਰਮੇ ਦੀ ਬਿਜਾਈ ਲਈ ਪੰਜਾਬ ਸਰਕਾਰ ਵੱਲੋਂ 20 ਅਪਰੈਲ ਤੋਂ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਦੇ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਿਸਾਨ ਮੇਲੇ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਨਵੀਂ ਤਕਨੀਕੀ ਜਾਣਕਾਰੀ ਦੇਣਾ ਅਤੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕਰਨਾ ਹੈ।
ਇਸ ਮੌਕੇ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀਆਂ ਫ਼ਸਲਾਂ ਦੀ ਹੀ ਖੇਤੀ ਕਰਨ। ਬਠਿੰਡਾ (ਦਿਹਾਤੀ) ਦੇ ਵਿਧਾਇਕ ਅਮਿਤ ਰਤਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਆਧੁਨਿਕ ਤਕਨੀਕ ਅਨੁਸਾਰ ਡਿਜੀਟਲ ਖੇਤੀ ਐਪ ਤਿਆਰ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। ਮੇਲੇ ਦਾ ਉਦਘਾਟਨ ਐੱਸਡੀਐੱਮ ਬਠਿੰਡਾ ਕੰਵਰਜੀਤ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਵੇਖੀਆਂ। ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਪਾਖਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਬੀਜ, ਖਾਦ ਅਤੇ ਕੀੜੇਮਾਰ ਦਵਾਈਆਂ ਦੀ ਹੀ ਵਰਤੋਂ ਕਰਨ।
ਇਸ ਮੌਕੇ ਡਾਇਰੈਕਟਰ ਰਿਜਨਲ ਰਿਸਰਚ ਸੈਟਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਸਾਉਣੀ ਲਈ ਨਰਮੇ ਦੇ ਬੀਟੀ ਬੀਜ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਤੇ ਭੂਮੀ ਵਿਕਾਸ ਅਫ਼ਸਰ ਡਾ. ਹਰਮਨਪ੍ਰੀਤ ਕੌਰ ਨੇ ਭੂਮੀ ਰੱਖਿਆ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਸਬੰਧੀ ਦੱਸਿਆ। ਇਸ ਮੌਕੇ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨਰਿੰਦਰ ਗੋਂਦਾਰਾ ਨੇ ਆਤਮਾ ਸਕੀਮ ਸਬੰਧੀ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।