ਸੰਜੀਵ ਬੱਬੀ
ਚਮਕੌਰ ਸਾਹਿਬ, 14 ਸਤੰਬਰ
ਪਿੰਡ ਹਾਫਿਜ਼ਾਬਾਦ ਵਿੱਚ ਤਿੰਨ ਕਿਸਾਨਾਂ ਸਾਬਕਾ ਸਰਪੰਚ ਗੁਰਮੁਖ ਸਿੰਘ, ਰਜਿੰਦਰ ਸਿੰਘ ਰਾਜੂ ਅਤੇ ਕਰਮਜੀਤ ਸਿੰਘ ਨੇ ਆਪਣੀ ਕ੍ਰਮਵਾਰ 7 ਏਕੜ, 4 ਏਕੜ ਅਤੇ 4 ਏਕੜ ਝੋਨੇ ਦੀ ਹੋਈ ਖਰਾਬ ਫ਼ਸਲ ਵਾਹ ਦਿੱਤੀ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ ਠੇਕੇ ’ਤੇ ਲਈ ਹੋਈ ਸੀ, ਜਿਸ ਵਿੱਚ ਝੋਨਾ ਲਾਉਣ ਲਈ ਉਨ੍ਹਾਂ ਦਾ ਪ੍ਰਤੀ ਏਕੜ 50 ਹਜ਼ਾਰ ਰੁਪਏ ਠੇਕਾ ਹੋਣ ਦੇ ਨਾਲ ਖਰਾਬ ਫ਼ਸਲ ਨੂੰ ਠੀਕ ਕਰਨ ਲਈ ਹਜ਼ਾਰਾਂ ਰੁਪਏ ਦੀ ਦਵਾਈ ਦਾ ਖਰਚਾ ਵੀ ਆ ਚੁੱਕਾ ਹੈ ਪਰ ਫ਼ਸਲ ਠੀਕ ਹੋਣ ਦੀ ਬਜਾਇ ਉਨ੍ਹਾਂ ਨੂੰ ਵਾਹੁਣੀ ਪਈ। ਦੂਜੇ ਪਾਸੇ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੀ 15 ਏਕੜ ਝੋਨੇ ਦੀ ਫ਼ਸਲ ਬਿਮਾਰੀ ਕਾਰਨ ਖਰਾਬ ਹੋ ਚੁੱਕੀ ਹੈ। ਇਨ੍ਹਾਂ ਕਿਸਾਨਾਂ ਤੇ ਹੋਰ ਕਿਸਾਨਾਂ ਬਲਬੀਰ ਸਿੰਘ, ਤਰਲੋਚਨ ਸਿੰਘ, ਚੂਹੜ ਸਿੰਘ, ਹਰਜੀਤ ਸਿੰਘ ਅਤੇ ਗੁਰਚਰਨ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚਲੀ 250 ਏਕੜ ਝੋਨੇ ਦੀ ਫ਼ਸਲ ਬਿਮਾਰੀ ਕਾਰਨ ਖਰਾਬ ਹੋ ਚੁੱਕੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਅਜੇ ਤੱਕ ਸਾਰ ਨਹੀਂ ਲਈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਸੂਬਾ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ, ਸੰਦੀਪ ਜੱਸੜਾ ਅਤੇ ਹਰੀਪਾਲ ਸਿੰਘ ਨੇ ਬਿਮਾਰੀ ਨਾਲ ਨੁਕਸਾਨੀ ਗਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।