ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦੌਰਾਨ ਪਟਿਆਲਾ ਜ਼ਿਲ੍ਹੇ ’ਚ ਕਿਸਾਨਾਂ ਦੇ ਵੱਖ ਵੱਖ ਥਾਈਂ ਦਿਨ ਰਾਤ ਦੇ ਧਰਨੇ ਜਾਰੀ ਹਨ। ਉਂਜ ਰੇਲਵੇ ਟਰੈਕ ’ਤੇ ਸਿਰਫ਼ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਵਿੱਚ ਹੀ ਧਰਨਾ ਲੱਗਿਆ ਹੋਇਆ ਹੈ। ਕਿਉਂਕਿ ਕਿਸਾਨ ਯੂਨੀਅਨ ਉਗਰਾਹਾਂ ਨੇ ਧਬਲਾਨ ਰੇਲਵੇ ਟਰੈਕ ’ਤੇ ਜਾਰੀ ਧਰਨਾ ਹੁਣ ਪੈਟਰੋਲ ਪੰਪਾਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਤਬਦੀਲ ਕਰ ਦਿਤਾ ਹੈ। ਉਧਰ ਜ਼ਿਲ੍ਹੇ ਵਿਚ ਸਥਿਤ ਸਾਰੇ ਅੱਧੀ ਦਰਜਨ ਟੌਲ ਪਲਾਜ਼ੇ ਵੀ ਕਿਸਾਨਾ ਦੇ ਕਬਜ਼ੇ ਹੇਠਾਂ ਹਨ ਤੇ ਪਰਚੀ ਸਿਸਟਮ ਬੰਦ ਹੈ। ਸ਼ੰਭੂ ਰੇਲਵੇ ਟਰੈਕ ਸਥਿਤ ਧਰਨੇ ’ਚ ਸਤਿਨਾਮ ਬਹਿਰੂ, ਬੂਟਾ ਸਿੰਘ ਸ਼ਾਦੀਪੁਰ, ਗੁਰਬਖਸ਼ ਬਲਬੇੜਾ ਤੇ ਹੋਰ ਸ਼ਾਮਲ ਹਨ। ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਦੀ ਅਗਵਾਈ ਹੇਠਾਂ ਅਸਰਪੁਰ ਚੁਪਕੀ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਹੀ ਆਗੂ ਕੇਸਰ ਸਿੰਘ ਦੀ ਅਗਵਾਈ ਹੇਠਾਂ ਚਹਿਲ ਪਿੰਡ ਵਿਚਲੇ ਟੌਲ ਪਲਾਜ਼ੇ ’ਤੇ ਕਬਜ਼ਾ ਜਮਾਇਆ ਹੋਇਆ ਹੈ। ਇਹ ਜਾਣਕਾਰੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਦਿੱਤੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਵਤਾਰ ਕੌਰਜੀਵਾਲਾ ਅਤੇ ਗੁਰਮੀਤ ਦਿੱਤੂਪੁਰ ਨੇ ਦੱਸਿਆ ਕਿ ਕਲਿਆਣਾ ਟੌਲ ਪਲਾਜ਼ਾ ’ਤੇ ਚੱਲ ਰਹੇ ਧਰਨੇ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਦਰਸ਼ਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹੀ ਆਗੂ ਹਰਭਜਨ ਦੁੱਲੜ ਪੈਂਦ ਵਿਚਲੇ ਟੌਲ ਪਲਾਜ਼ੇ ਵਿਚਲੇ ਧਰਨੇ ਦੀ ਅਗਵਾਈ ਕਰ ਰਹੇ ਹਨ। ਇਸੇ ਤਰਾਂ ਧਰੇੜੀ ਜੱਟਾਂ ਨੈਸ਼ਨਲ ਹਾਈਵੇ ਸਥਿਤ ਟੌਲ ਪਲਾਜ਼ੇ ’ਤੇ ਧਰਨਾ ਜਾਰੀ ਹੈ। ਉਧਰ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠਾਂ ਕਈ ਦਿਨਾ ਤੱਕ ਧਬਲਾਨ ਰੇਲਵੇ ਟਰੈਕ ’ਤੇ ਚੱਲਿਆ ਧਰਨਾ ਇਥੋਂ ਬਦਲ ਕੇ ਪੰਜ ਪੈਟਰੋਲ ਪੰਪਾਂ ਅਤੇ ਨਾਭਾ ਸਥਿਤ ਭਾਜਪਾ ਨੇਤਾ ਸੁਰਿੰਦਰ ਗਰਗ ਦੇ ਘਰ ਅੱਗੇ ਤਬਦੀਲ ਕਰ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾਂ ਤੇ ਸੁਖਦੇਵ ਕੋਕਰੀ ਦਾ ਕਹਿਣਾ ਹੈ ਕਿ ਹੁਣ ਸਿੱਧੇ ਰੂਪ ਵਿਚ ਭਾਜਪਾ ਨੂੰ ਨਿਸ਼ਾਨਾ ਬਣਾਏ ਜਾਣ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਉਨ੍ਹਾਂ ਦੀ ਜਥੇਬੰਦੀ ਦੇ ਖ਼ਿਲਾਫ਼ ਮੈਦਾਨ ਛੱਡਣ ਸਬੰਧੀ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਇਹ ਸਿੱਧੇ ਰੂਪ ਵਿਚ ਫੁੱਟ ਪਾਊ ਕਾਰਵਾਈ ’ਤੇ ਆਧਾਰਤ ਹੈ।
ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਜਾਰੀ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਨਵੇਂ ਤਿੰਨ ਖੇਤੀ ਕਾਨੁੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਰੇਲ ਰੋਕੋ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੀ ਅਗਵਾਈ ਕਿਸਾਨ ਆਗੂ ਗੁਰਬਖਸ਼ ਸਿੰਘ ਬਲਬੇੜਾ, ਨਰਿੰਦਰ ਸਿੰਘ ਲਹਿਲਾਂ, ਹਜੂਰਾ ਸਿੰਘ ਮਿਰਜਾਂਪੁਰ, ਗੁਰਬਚਨ ਸਿੰਘ ਕਨਸੂਹਾ, ਕੁਲਵੰਤ ਸਿੰਘ ਮੌਲਵੀਵਾਲਾ ਆਗੂਆਂ ਨੇ ਕੀਤੀ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਇਸੇ ਦੌਰਾਨ ਨੈਸ਼ਨਲ ਹਾਈਵੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਪੰਜਾਬੀ ਗਾਇਕ ਦੀਪ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਦੀ ਅਗਵਾਈ ਵਿੱਚ ਸ਼ੰਭੂ ਬੈਰੀਅਰ ਵਿੱਚ ਸ਼ੰਭੂ ਮੋਰਚਾ ਅੱਜ ਵੀ ਜਾਰੀ ਰਿਹਾ।