ਜੋਗਿੰਦਰ ਸਿੰਘ ਮਾਨ
ਮਾਨਸਾ, 26 ਫਰਵਰੀ
ਲੰਘੀ ਰਾਤ ਪਏ ਹਲਕੇ ਮੀਂਹ ਤੋਂ ਬਾਅਦ ਅੱਜ ਸਵੇਰ ਤੋਂ ਚੱਲੀਆਂ ਤੇਜ਼ ਹਵਾਵਾਂ ਨੇ ਪੱਕੀ ਹੋਈ ਸਰ੍ਹੋਂ ਦੀ ਫ਼ਸਲ ਅਤੇ ਕਣਕ ਸਮੇਤ ਜੌਆਂ ਦੀ ਫ਼ਸਲ ਧਰਤੀ ’ਤੇ ਵਿਛਾ ਦਿੱਤੀ ਹੈ ਜਿਸ ਨਾਲ ਫ਼ਸਲਾਂ ਦੇ ਝਾੜ ਉਪਰ ਮਾੜਾ ਅਸਰ ਪੈਣ ਦਾ ਖਦਸ਼ਾ ਬਣ ਗਿਆ ਹੈ। ਮੌਸਮ ਮਹਿਕਮੇ ਵੱਲੋਂ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਤੇ ਗੜ੍ਹੇ ਪੈਣ ਸੂਚਨਾ ਵੀ ਦਿੱਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਮੌਸਮ ਦੇ ਲਿਹਾਜ਼ ਨਾਲ ਕਿਸਾਨਾਂ ਨੂੰ ਪੱਕ ਰਹੀਆਂ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਅਗੇਤੀਆਂ ਫ਼ਸਲਾਂ ਨੂੰ ਲਾਏ ਹੋਏ ਪਾਣੀ ਨਾਲ ਫ਼ਸਲਾਂ ਦੇ ਵਿਛਣ ਦਾ ਡਰ ਖੜ੍ਹਾ ਹੋ ਗਿਆ ਹੈ, ਜੋ ਮਗਰੋਂ ਤੇਲ-ਬੀਜ ਫ਼ਸਲਾਂ ਸਮੇਤ ਕਣਕ, ਜੌਂਅ ਅਤੇ ਹੋਰਨਾਂ ਫ਼ਸਲਾਂ ਦੇ ਝਾੜ ਲਈ ਖਤਰਾ ਖੜ੍ਹਾ ਕਰ ਸਕਦਾ ਹੈ। ਡਾ. ਰੋਮਾਣਾ ਨੇ ਇਹ ਵੀ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਮਾਲਵਾ ਖੇਤਰ ਵਿੱਚ ਕਣਕ ਅਤੇ ਸਰ੍ਹੋਂ ਨੂੰ ਤਾਜ਼ਾ ਪਾਣੀ ਲਾਇਆ ਗਿਆ ਸੀ, ਉਨ੍ਹਾਂ ਦੇ ਤੇਜ਼ ਹਵਾਵਾਂ ਚੱਲਣ ਕਾਰਨ ਧਰਤੀ ’ਤੇ ਡਿੱਗਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਸਮ ਨੇ ਦੋ ਦਿਨਾਂ ਵਿੱਚ ਠੀਕ ਹੋ ਜਾਣਾ ਹੈ, ਪਰ ਫਿਰ ਵੀ ਕਿਸਾਨਾਂ ਨੂੰ ਫਿਲਹਾਲ ਫ਼ਸਲਾਂ ਨੂੰ ਪਾਣੀ ਲਾਉਣਾ ਬੰਦ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਤੇ ਕਈ ਥਾਈਂ ਗੜੇ ਵੀ ਪੈ ਸਕਦੇ ਹਨ।
ਸੋਸ਼ਲਿਸਟ ਪਾਰਟੀ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਅੱਜ ਚੱਲੀਆਂ ਤੇਜ਼ ਹਵਾਵਾਂ ਨੇ ਪੱਕਣ ’ਤੇ ਆਈ ਸਰ੍ਹੋਂ ਵਿਛ ਗਈ ਹੈ ਜਿਸ ਨਾਲ ਫਸਲ ਦਾ ਝਾੜ ਘਟਣ ਦਾ ਡਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਮਹਿਕਮੇ ਨੂੰ ਅਜਿਹੇ ਮੌਸਮ ਬਾਰੇ ਕਿਸਾਨਾਂ ਨੂੰ ਅਗੇਤੀ ਜਾਣਕਾਰੀ ਦੇਣੀ ਚਾਹੀਦੀ ਹੈ। ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਮੌਸਮ ਦਾ ਕਣਕ ਦੇ ਝਾੜ ’ਤੇ ਮਾੜਾ ਅਸਰ ਪਵੇਗਾ।