ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਫਰਵਰੀ
ਬਾਬੈਨ ਖੇਤਰ ਵਿੱਚ ਬੀਤੀ ਬਾਤ ਪਏ ਜ਼ੋਰਦਾਰ ਮੀਂਹ ਕਾਰਨ ਆਲੂਆਂ ਤੇ ਪਿਆਜ਼ ਦੀ ਫ਼ਸਲ ਕਾਫੀ ਨੁਕਸਾਨੀ ਗਈ। ਬਾਬੈਨ ਮੰਡੀ ਦੇ ਕੋਲਡ ਸਟੋਰ ਵਿਚ ਸਟਾਕ ਕਰਨ ਲਈ ਖਰੀਦੇ ਗਏ ਆਲੂ ਦੇ ਕਰੀਬ ਤਿੰਨ ਹਜ਼ਾਰ ਤੋਂ ਜ਼ਿਆਦਾ ਕੱਟੇ ਮੀਂਹ ਦੀ ਭੇਟ ਚੜ੍ਹ ਜਾਣ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਮੰਡੀ ਵਿਚ ਆਲੂ ਦੇ ਵੱਡੇ ਵਪਾਰੀ ਰਾਜੂ ਪ੍ਰਜਾਪਤੀ ਦਾ ਕਹਿਣਾ ਹੈ ਕਿ ਮੰਡੀ ਵਿਚ ਵਪਾਰੀਆਂ ਵਲੋਂ ਕੋਲਡ ਸਟੋਰ ਵਿਚ ਸਟਾਕ ਕਰਨ ਲਈ ਖਰੀਦੇ ਆਲੂਆਂ ਦੇ ਤਿੰਨ ਹਜ਼ਾਰ ਕੱਟੇ ਸਟੋਰ ਵਿਚ ਰੱਖਣ ਦੇ ਕਾਬਲ ਨਹੀਂ ਰਹੇ। ਇਸ ਕਰਕੇ ਵਿਉਪਾਰੀਆਂ ਨੂੰ ਲੱਖਾਂ ਦਾ ਨੁਕਸਾਨ ਸਹਿਣਾ ਪਵੇਗਾ। ਕਿਸਾਨ ਸੋਹਨ ਚਕਚਾਨ ਪੁਰ, ਵਾਸਦੇਵ ਪਟਾਕ ਮਾਜਰਾ ਤੇ ਰਘੁਬੀਰ ਸਿੰਘ ਦਾ ਕਹਿਣਾ ਹੈ ਆਲੂ ਦੀ ਫਸਲ ਨੂੰ ਪਹਿਲਾਂ ਵੀ ਬਰਸਾਤ ਕਰ ਕੇ ਕਾਫੀ ਨੁਕਸਾਨ ਪੁੱਜਾ ਸੀ ਤੇ ਕਰੀਬ ਅੱਧੀ ਫਸਲ ਖਰਾਬ ਹੋ ਗਈ ਸੀ। ਰਾਤ ਹੋਈ ਬਰਸਾਤ ਨੇ ਵੀ ਆਲੂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਜਿਸ ਨਾਲ ਕਿਸਾਨਾਂ ਨੂੰ ਹੁਣ ਆਲੂ ਦੀ ਫਸਲ ਵੇਚਣ ਦੇ ਲਾਲੇ ਪੈ ਜਾਣਗੇ। ਪਹਿਲਾਂ ਹੋਈ ਬਰਸਾਤ ਕਰਕੇ ਪਿਆਜ਼ ਦੀ ਫਸਲ ਦੀ ਲੁਆਈ ਨਹੀਂ ਹੋ ਸਕੀ ਸੀ ਤੇ ਹੁਣ ਬਰਸਾਤ ਕਰਕੇ ਕਿਸਾਨ ਪਿਆਜ਼ ਦੀ ਫਸਲ ਦੀ ਪਨੀਰੀ ਦੁਬਾਰਾ ਨਹੀਂ ਲਾ ਸਕਣਗੇ, ਜਿਸ ਨਾਲ ਉਨਾਂ ਨੂੰ ਵੀ ਭਾਰੀ ਨੁਕਸਾਨ ਸਹਿਣਾ ਪਵੇਗਾ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਮੌਸਮ ਵਿਭਾਗ ਵੱਲੋਂ ਪੱਛਮੀ ਹਵਾਵਾਂ ਨਾਲ ਮੀਂਹ ਪੈਣ ਦੀ ਚਿਤਾਵਨੀ ਦੇ ਨਾਲ ਜ਼ਿਲ੍ਹਾ ਫਤਿਹਾਬਾਦ ਦੇ ਭੁਨਾ ਬਲਾਕ ਦੇ ਪਿੰਡ ਡੁਲਟ, ਢਾਣੀ ਸਾਂਚਲਾ, ਢਾਣੀ ਗੋਪਾਲ, ਭੋਜਰਾਜ ਤੇ ਪਿੰਡ ਨਰੁਕੀਐਹਲੀ ਵਿੱਚ ਵਰਖਾ ਦੇ ਨਾਲ ਗੜ੍ਹੇਮਾਰੀ ਹੋਈ। ਸਵੇਰੇ ਪੰਜ ਵਜੇ ਟੋਹਾਣਾ ਵਿੱਚ ਵੀ ਗੜੇ ਪਏ, ਪਰ ਥੋੜ੍ਹੇ ਸਮੇਂ ਵਿੱਚ ਹੀ ਤੇਜ਼ ਮੀਂਹ ਨਾਲ ਗੜੇਮਾਰੀ ਘੱਟ ਹੋ ਗਈ। ਭੁਨਾ ਬਲਾਕ ਦੇ ਪਿੰਡਾਂ ਵਿੱਚ ਗੜੇਮਾਰੀ ਤੋਂ ਇਲਾਵਾ ਭਰਵੇਂ ਮੀਂਹ ਦਾ ਵੀ ਸਮਾਚਾਰ ਹੈ।