ਆਤਿਸ਼ ਗੁਪਤਾ
ਚੰਡੀਗੜ੍ਹ, 26 ਅਕਤੂਬਰ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਅੰਦੋਲਨ ਦੇ ਦੋ ਸਾਲ ਮੁਕੰਮਲ ਹੋਣ ਸਬੰਧੀ ਕਈ ਵੱਡੇ ਐਲਾਨ ਕੀਤੇ ਹਨ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ 26 ਨਵੰਬਰ ਦੀ ਥਾਂ 11 ਦਸੰਬਰ ਨੂੰ ਸ਼ਹੀਦੀ ਸਮਾਰੋਹ ਮਨਾਵੇਗਾ। ਇਸ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ’ਤੇ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮਾਰਚ ਕਰਨਗੇ। ਇਸੇ ਦੌਰਾਨ ਸਿੰਘੂ ਬਾਰਡਰ ’ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੰਦੋਲਨ ਦੇ ਦੋ ਸਾਲ ਮੁਕੰਮਲ ਹੋਣ ’ਤੇ ਮੋਰਚੇ ਵੱਲੋਂ 14 ਨਵੰਬਰ ਨੂੰ ਵੱਡੀ ਮੀਟਿੰਗ ਸੱਦੀ ਗਈ ਹੈ।