ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਜੁਲਾਈ
ਆਰਗੈਨਿਕ ਫਾਰਮਿੰਗ ਸੁਸਾਇਟੀ ਸੰਗਰੂਰ (ਰਜਿ) ਵੱਲੋਂ ਮਾਨ ਆਰਗੈਨਿਕ ਫਾਰਮ ਪਿੰਡ ਰੌਸ਼ਨਵਾਲਾ ਵਿਟ ਕੀਟ ਸਾਖ਼ਰਤਾ ਮਿਸ਼ਨ, ਕੀਟ ਗਿਆਨ ਤੇ ਆਧਾਰਿਤ ਸਰਵ-ਪੱਖੀ ਕੀਟ ਪ੍ਰਬੰਧ ਰਾਹੀਂ ਫਸਲਾਂ, ਖਾਸ ਕਰਕੇ ਝੋਨੇ ਦੀ ਖੇਤੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਗਰੇਵਾਲ ਲੁਧਿਆਣਾ ਸਾਬਕਾ ਪ੍ਰਧਾਨ ਪੀਏਯੂ ਔਰਗੈਨਿਕ ਫਾਰਮਿੰਗ ਕਲੱਬ ਨੇ ਬੋਲਦਿਆਂ ਕਿਹਾ ਕਿ ਫਸਲਾਂ ਤੇ ਅੰਨ੍ਹੇਵਾਹ ਪ੍ਰਯੋਗ ਹੋ ਰਹੇ ਕੀਟਨਾਸ਼ਕਾਂ ਦੇ ਪ੍ਰਚਲਨ ਨੂੰ ਬੰਦ ਕਰਕੇ ਖਾਣੇ ਦੀ ਥਾਲੀ ਨੂੰ ਜ਼ਹਿਰ ਮੁਕਤ ਬਣਾਇਆ ਜਾਵੇ ਅਤੇ ਕਿਸਾਨਾਂ ਦੇ ਖਰਚੇ ਨੂੰ ਘਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇ ਕੀੜਿਆਂ ਨਾਲ ਫ਼ਸਲ ਦਾ ਨੁਕਸਾਨ 5% ਤੋਂ ਘੱਟ ਹੈ ਤਾਂ ਕਿਸੇ ਸਪਰੇਅ ਦੀ ਲੋੜ ਨਹੀਂ ਤੇ 99 ਪ੍ਰਤੀਸ਼ਤ 5% ਤੋਂ ਵੱਧ ਨੁਕਸਾਨ ਹੁੰਦਾ ਨਹੀਂ ਤੇ ਉਸ ਨੁਕਸਾਨ ਤੋਂ ਕਿਤੇ ਵੱਧ ਦੀ ਕਿਸਾਨ ਵੀਰ ਸਪਰੇਅ ਕਰ ਦਿੰਦੇ ਹਨ ਤੇ ਖਾਣੇ ਨੂੰ ਜ਼ਹਿਰ ਯੁਕਤ ਕਰ ਦਿੰਦੇ ਹਨ। ਉੁਨ੍ਹਾਂ ਕਿਹਾ ਕਿ ਕਿਸਾਨ ਨੂੰ ਸਬਰ ਕਰਨ ਦੀ ਆਦਤ ਪਾਉਣ ਦੀ ਲੋੜ ਹੈ, ਇਹ ਨਹੀਂ ਕਿ ਕੀੜੇ ਦੇਖੇ ਤੇ ਝੱਟ ਸਪਰੇਅ ਖਰੀਦ ਲਿਆਂਦੀ ਅਤੇ ਕਰ ਦਿੱਤੀ।