ਪੱਤਰ ਪ੍ਰੇਰਕ
ਮੁਕੇਰੀਆਂ, 28 ਫਰਵਰੀ
ਖੇਤੀਬਾੜੀ ਵਿਭਾਗ ਦੀਆਂ ਖੇਤੀ ਵਿਭਿੰਨਤਾ ਦੀਆਂ ਤਰਜ਼ੀਹਾਂ ਦਾ ਅਸਰ ਇਲਾਕੇ ਅੰਦਰ ਸਰ੍ਹੋਂ ਦੀ ਕਰੀਬ 950 ਹੈਕਟੇਅਰ ਰਕਬੇ ਅੰਦਰ ਹੋਈ ਕਾਸ਼ਤ ਤੋਂ ਦੇਖਣ ਨੂੰ ਮਿਲ ਰਿਹਾ ਹੈ। ਬਲਾਕ ਦੇ ਹਰ ਪਿੰਡ ਵਿੱਚ ਔਸਤਨ 6 ਹੈਕਟੇਅਰ ਰਕਬਾ ਕਿਸਾਨਾਂ ਨੇ ਸਰ੍ਹੋਂ ਅਧੀਨ ਲਿਆਂਦਾ ਹੈ। ਖੇਤੀ ਅਧਿਕਾਰੀਆਂ ਨੇ ਇਲਾਕੇ ਦਾ ਦੌਰਾ ਕਰਕੇ ਸਰ੍ਹੋਂ ਨੂੰ ਤੇਲੇ ਤੋਂ ਬਚਾਅ ਲਈ ਲਗਾਤਾਰ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ।
ਇਸ ਸਬੰਧੀ ਖੇਤਾਂ ਦਾ ਦੌਰਾ ਕਰਨ ਉਪਰੰਤ ਬਲਾਕ ਖੇਤੀਬਾੜੀ ਅਫਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਸਹਾਇਕ ਫ਼ਸਲਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਲਾਕੇ ਅੰਦਰ ਲਗਾਏ ਜਾਗਰੂਕਤਾ ਕੈਂਪਾਂ ਦੇ ਚੱਲਦਿਆਂ ਪਿਛਲੇ ਸਾਲ ਸਰ੍ਹੋਂ ਅਧੀਨ ਕਰੀਬ 400 ਹੈਕਟੇਅਰ ਰਕਬੇ ਤੋਂ ਵਧ ਕੇ ਇਸ ਸਾਲ 950 ਹੈਕਟੇਅਰ ਦੇ ਕਰੀਬ ਜਾ ਪੁੱਜਾ ਹੈ, ਜਿਹੜਾ ਕਿ ਇੱਕ ਚੰਗੀ ਪਹਿਲ ਹੈ। ਇਲਾਕੇ ਦੇ ਕਿਸਾਨ ਇਸ ਵਾਰ ਅੰਤਰਮੁਖੀ ਫ਼ਸਲਾਂ ਵਜੋਂ ਗੰਨੇ ਵਿੱਚ ਸਰ੍ਹੋਂ ਸਮੇਤ ਛੋਲਿਆਂ ਦੀ ਕਾਸ਼ਤ ਕਰਨ ਵਿੱਚ ਅੱਗੇ ਆਏ ਹਨ ਅਤੇ ਕਿਸਾਨਾਂ ਨੇ ਘਰੇਲੂ ਬਗੀਚੀ ਨੂੰ ਵੀ ਉਤਸ਼ਾਹਿਤ ਹੋ ਕੇ ਅਪਣਾਇਆ ਹੈ। ਵਿਭਾਗ ਦੇ ਏਡੀਓ ਡਾ. ਕਮਲਦੀਪ ਸਿੰਘ ਤੇ ਨੌਸ਼ਹਿਰਾ ਸਰਕਲ ਦੇ ਖੇਤੀਬਾੜੀ ਵਿਸਥਾਰ ਅਫਸਰ ਡਾ. ਬਨਵਾਰੀ ਲਾਲ ਨੇ ਦੱਸਿਆ ਕਿ ਔਸਤਨ ਹਰ ਪਿੰਡ ਵਿੱਚ ਕਰੀਬ 6 ਹੈਕਟੇਅਰ ਰਕਬਾ ਕਿਸਾਨਾ ਵਲੋਂ ਸਰ੍ਹੋਂ ਦੀ ਕਾਸ਼ਤ ਅਧੀਨ ਲਿਆਂਦਾ ਗਿਆ ਹੈ, ਜਿਸ ਵਿੱਚ ਜੀ ਐਸ ਸੀ ਕੈਨੋਲਾ-6, ਜੀ ਐਸ ਸੀ ਕੈਨੋਲਾ-7 ਸਮੇਤ ਹਾਈਓਲਾ ਤੇ ਘਰੇਲੂ ਕਿਸਮਾਂ ਦੀ ਕਾਸ਼ਤ ਕੀਤੀ ਗਈ ਹੈ। ਨੌਸ਼ਹਿਰਾ ਪੱਤਣ ਵਿੱਚ 25-30 ਏਕੜ ਤੇ ਪਨਖੂਹ ਵਰਗੇ ਪਿੰਡਾਂ ਵਿੱਚ ਕਿਸਾਨਾਂ ਨੇ 30 ਤੋਂ 35 ਏਕੜ ਤੱਕ ਰਕਬਾ ਸਰ੍ਹੋਂ ਅਧੀਨ ਲਿਆਂਦਾ ਹੈ। ਹਰ ਪਿੰਡ ਵਿੱਚ ਸਰ੍ਹੋਂ ਦੀ ਕਾਸ਼ਤ ਦੇਖਣ ਨੂੰ ਮਿਲ ਰਹੀ ਹੈ ਅਤੇ ਕਈ ਕਿਸਾਨਾਂ ਨੇ ਅੰਤਰਮੁਖੀ ਫ਼ਸਲ ਵਜੋਂ ਵੀ ਸਰ੍ਹੋਂ ਨੂੰ ਅਪਣਾਇਆ ਹੈ। ਉਨ੍ਹਾਂ ਦੱਸਿਆ ਕਿ ਸਰ੍ਹੋਂ ਦੀਆਂ ਕੈਨੋਲਾ ਕਿਸਮਾਂ ਲਾਹੇਬੰਦ ਹਨ ਅਤੇ ਇਨ੍ਹਾਂ ਕਿਸਮਾਂ ਵਿੱਚ ਤੇਲਾਂ ਦੀ ਮਾਤਰਾ ਵੀ ਵਧੇਰੇ ਹੈ ਅਤੇ ਝਾੜ ਵੀ ਵਧੇਰੇ ਨਿਕਲਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਸਮੇਂ ਅੰਦਰ ਸਰ੍ਹੋਂ ਨੂੰ ਤੇਲਾ ਲੱਗਣ ਦੀ ਸੰਭਾਵਨਾ ਰਹਿੰਦੀ ਹੈ।