ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਮਾਰਚ
ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਹਰਵਿੰਦਰ ਲਾਲ ਦੀ ਅਗਵਾਈ ਹੇਠ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਦਿਆਲ ਕੁਮਾਰ ਦੀ ਸਾਂਝੀ ਟੀਮ ਨੇ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਫਸਲਾਂ ’ਤੇ ਬੇਲੋੜੀਆਂ ਖਾਦਾਂ ਅਤੇ ਸਪਰੇਆਂ ਤੋਂ ਗੁਰੇਜ਼ ਕੀਤਾ ਜਾਵੇ।
ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਤੇਲੇ ਜਾਂ ਚੇਪੇ ਦੇ ਹਮਲੇ ਤੋਂ ਘਬਰਾ ਕੇ ਬਲੈਂਕਟ ਸਪਰੇਅ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਜੇਕਰ ਪੰਜ ਚੇਪੇ ਪ੍ਰਤੀ ਛਿੱਟਾ ਹੋਣ ਤਾਂ ਇਨ੍ਹਾਂ ਦੀ ਰੋਕਥਾਮ ਲਈ ਘਰ ਵਿੱਚ ਬਣਾਏ ਨਿੰਮ ਦੇ ਘੋਲ ਦੇ ਹਫ਼ਤੇ ਬਾਅਦ ਦੋ ਛਿੜਕਾਅ ਜਾਂ 20 ਗਰਾਮ ਐਕਟਾਰਾ 25 ਡਬਲਯੂ.ਜੀ ਦਾ ਇੱਕ ਛਿੜਕਾਅ 80 ਤੋਂ 100 ਲੀਟਰ ਪਾਣੀ ਵਿੱਚ ਘੋਲ ਕਿ ਨੈਪਸੈਕ ਪੰਪ ਨਾਲ ਸਪਰੇਅ ਕੀਤਾ ਜਾਵੇ। ਇੰਜ ਹੀ ਚੇਪੇ ਦੀ ਗਿਣਤੀ ਰਾਇਆ ਜਾਂ ਸਰ੍ਹੋਂ ਫਸਲ ’ਤੇ 50 ਤੋਂ 60 ਪ੍ਰਤੀ 10 ਸੈਂਟੀਮੀਟਰ ਹਿੱਸੇ ’ਤੇ ਹੋਵੇ ਤਾਂ ਹੀ ਛਿੜਕਾਅ ਕੀਤਾ ਜਾਵੇ, ਕਿਉਂਕਿ ਇਸ ਸਮੇਂ ਮਧੂ ਮੱਖੀਆਂ ਪਰਾਗਣ ਕ੍ਰਿਆ ਵਿੱਚ ਕਾਫ਼ੀ ਸਹਾਈ ਹੁੰਦੀਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਖੇਤੀ ਮਾਹਿਰਾਂ ਨਾਲ ਤਾਲਮੇਲ ਕਰਕੇ ਮੌਕਾ ਦਿਖਾਉਂਦੇ ਹੋਏ ਇਨ੍ਹਾਂ ਸਪਰੇਆਂ ਦਾ ਛਿੜਕਾਅ ਸਿਫ਼ਾਰਸ਼ ਅਨੁਸਾਰ ਕੀਤਾ ਜਾਵੇ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਨੂੰ ਨਸਾਰੇ ਉਪਰੰਤ ਨਾਈਟ੍ਰੋਜਨ ਯੂਰੀਆ ਖਾਦ ਨਾ ਦੇਣ ਦਾ ਸਲਾਹ ਵੀ ਦਿੱਤੀ।