ਖੇਤਰੀ ਪ੍ਰਤੀਨਿਧ
ਬਰਨਾਲਾ, 23 ਜੁਲਾਈ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਰੇਲਵੇ ਸਟੇਸ਼ਨ ’ਤੇ 296 ਦਿਨਾਂ ਤੋਂ ਲੱਗਾ ਸਾਂਝਾ ਕਿਸਾਨ ਧਰਨਾਂ ਬਾਦਸਤੂਰ ਜਾਰੀ ਹੈ। ਅੱਜ ਬੁਲਾਰਿਆ ਜਿੱਥੇ ਇਨਕਲਾਬੀ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਯਾਦ ਕਰਦਿਆਂ ਸਜਦਾ ਕੀਤਾ, ਉੱਥੇ ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਬੀਤੇ ਕਿਸਾਨਾਂ ਨੂੰ ‘ਮਵਾਲੀ’ ਕਹੇ ਜਾਣ ’ਤੇ ਇਸ ਨੂੰ ਕਿਸਾਨੀ ਅੰਦੋਲਨ ਤੋਂ ਹਾਕਮ ਪਾਰਟੀ ਅੰਦਰ ਪੈਦਾ ਹੋਈ ਬੁਖਲਾਹਟ ਦੱਸਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਜਥੇਦਾਰ, ਬਿੱਕਰ ਸਿੰਘ ਔਲਖ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਟੀਐਸਯੂ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ ਤੇ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਲੱਗੀ ‘ਕਿਸਾਨ ਸੰਸਦ’ ਨੇ ਵੀ ਅੰਦੋਲਨ ਵਿੱਚ ਨਵੀਂ ਰੂਹ ਫੂਕੀ ਹੈ। ਅੱਜ ਬੁੱਧ ਸਿੰਘ ਢਪਾਲੀ ਨੇ ਕਵੀਸ਼ਰੀ ਗਾਇਣ ਕਰਕੇ ਸਰੋਤਿਆਂ ’ਚ ਜੋਸ਼ ਭਰਿਆ।
ਧਨੌਲਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਡਬਰ ਟੌਲ ਪਲਾਜ਼ਾ ਅਤੇ ਰਿਲਾਇੰਸ ਪੰਪ ਧਨੌਲਾ ਵਿੱਚ ਲਗਾਇਆ ਧਰਨਾ ਸ਼ੁੱਕਰਵਾਰ ਵੀ ਪੂਰੇ ਉਤਸ਼ਾਹ ਨਾਲ ਜਾਰੀ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਚੰਗੇ ਅਤੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਕੇਂਦਰ ਸਰਕਾਰ ਦੇ ਸਿਰ ਭਾਰ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ ਕਹਿਣਾ ਕਿਸਾਨਾਂ ਪ੍ਰਤੀ ਸਰਕਾਰ ਦੀ ਮਾਨਸਿਕਤਾ ਦਰਸਾਉਂਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਮੇਘਰਾਜ ਹਰੀਗੜ੍ਹ ਅਤੇ ਸੁਖਦੇਵ ਧਨੌਲਾ ਕਿਹਾ ਕਿ ਦਿੱਲੀ ਵਿਖੇ ਜੰਤਰ ਮੰਤਰ ’ਤੇ ਕਿਸਾਨ ਸੰਸਦ ਨੇ ਪੂਰੀ ਦੁਨੀਆ ਨੂੰ ਕਿਸਾਨ ਅੰਦੋਲਨ ਵੱਲ ਖਿਚਿਆ ਹੈ।
ਬੈਸਟ ਪ੍ਰਾਈਸ ਮਾਲ ਅੱਗੇ ਮੋਰਚਾ ਜਾਰੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਸ ਮਾਲ ਅੱਗੇ 296 ਦਿਨਾਂ ਤੋਂ ਚੱਲ ਰਹੇ ਮੋਰਚੇ ਵਿੱਚ ਵੱਡੀ ਗਿਣਤੀ ਕਿਸਾਨ ਅਤੇ ਔਰਤਾਂ ਸ਼ਾਮਲ ਹੋਈਆਂ। ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਚ ਸੰਚਾਲਨ ਬਿੱਕਰ ਸਿੰਘ ਪੂਹਲਾ ਨੇ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਹਰ ਹਰਬਾ ਵਰਤ ਰਹੀ ਹੈ।