ਫਗਵਾੜਾ (ਜਸਬੀਰ ਸਿੰਘ ਚਾਨਾ): ਇਥੇ ਅੱਜ ਸਬਜ਼ੀ ਦੀ ਰੇਹੜੀ ਨੂੰ ਲੱਤ ਮਾਰਨ ਵਾਲੇ ਥਾਣਾ ਸਿਟੀ ’ਚ ਤਾਇਨਾਤ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਪੀਸੀਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਜ਼ਿਲ੍ਹੇ ਦੀ ਐੱਸਐੱਸਪੀ ਕੰਵਲਦੀਪ ਕੌਰ ਨੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਇਹ ਕਾਰਵਾਈ ਕੀਤੀ। ਜਾਣਕਾਰੀ ਅਨੁਸਾਰ ਇੱਥੋਂ ਦੇ ਭੀੜ ਵਾਲੇ ਇਲਾਕੇ ਸਰਾਏ ਰੋਡ ’ਤੇ ਸਬਜ਼ੀ ਦੀਆਂ ਰੇਹੜੀਆਂ ਲੱਗਦੀਆਂ ਹਨ। ਕਰੋਨਾ ਕਾਰਨ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਐੱਸਐੱਚਓ ਸਿਟੀ ਨਵਦੀਪ ਸਿੰਘ ਅਤੇ ਪੀਸੀਆਰ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਮੁਲਾਜ਼ਮਾਂ ਵੱਲੋਂ ਰੇਹੜੀਆਂ ਨੂੰ ਸੜਕ ਤੋਂ ਹਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਸਬਜ਼ੀ ਵਿਕਰਤਾ ਨੇ ਉਥੋਂ ਰੇਹੜੀ ਹਟਾਉਣ ਤੋਂ ਮਨ੍ਹਾਂ ਕੀਤਾ ਤਾਂ ਐੱਸਐੱਚਓ ਨੇ ਗੁੱਸੇ ’ਚ ਆਉਂਦਿਆਂ ਰੇਹੜੀ ’ਤੇ ਲੱਤ ਮਾਰ ਕੇ ਸਬਜ਼ੀ ਖਿਲਾਰ ਦਿੱਤੀ। ਇਸ ਦੀ ਸੂਚਨਾ ਮਿਲਣ ’ਤੇ ਐੱਸਐੱਸਪੀ ਕੰਵਲਦੀਪ ਕੌਰ ਨੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਕੇ ਇੰਸਪੈਕਟਰ ਬਲਵਿੰਦਰਪਾਲ ਨੂੰ ਫਗਵਾੜਾ ਦਾ ਨਵਾਂ ਐੱਸਐੱਚਓ ਨਿਯੁਕਤ ਕਰ ਦਿੱਤਾ। ਇਸੇ ਤਰ੍ਹਾਂ ਪੀਸੀਆਰ ਇੰਚਾਰਜ ਬਲਜਿੰਦਰ ਸਿੰਘ ਮੱਲ੍ਹੀ ਨੂੰ ਕਪੂਰਥਲਾ ਪੁਲੀਸ ਲਾਈਨ ਭੇਜ ਕੇ ਇੱਥੇ ਸ਼ੁਮਿੰਦਰ ਸਿੰਘ ਭੱਟੀ ਨੂੰ ਨਵਾਂ ਇੰਚਾਰਜ ਨਿਯੁਕਤ ਕਰ ਦਿੱਤਾ। ਡੀਜੀਪੀ ਦਿਕਨਰ ਗੁਪਤਾ ਨੇ ਟਵੀਟ ਕਰਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।