ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਜੁਲਾਈ
ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਬੀਤੇ ਦਿਨ ਉੱਤਰਾਖੰਡ ਵਿਚ ਹੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਮੱਤਾ ਵਿਖੇ ਨਤਮਸਤਕ ਹੋਣ ਵੇਲੇ ਗੁਰਦੁਆਰੇ ਵਿੱਚ ਮਰਿਆਦਾ ਦੀ ਹੋਈ ਕਥਿਤ ਉਲੰਘਣਾ ਦਾ ਸ੍ਰੀ ਅਕਾਲ ਤਖ਼ਤ ਸਾਾਹਬਿ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨਾਂ ਇਸ ਮਾਮਲੇ ਦੀ ਜਾਂਚ ਵਾਸਤੇ ਇਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ ਜੋ ਗੁਰੁਦਆਰੇ ਦਾ ਦੌਰਾ ਕਰ ਕੇ ਸਾਰੇ ਮਾਮਲੇ ਦੀ ਜਾਂਚ ਮਗਰੋਂ ਆਪਣੀ ਰਿਪੋਰਟ ਸੌਂਪੇਗੀ। ਇਸ ਜਾਣਕਾਰੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਹੈੱਡ ਪ੍ਰਚਾਰਕ ਸਰਬਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਤੋਂ ਅਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਜਾਂਚ ਕਮੇਟੀ ਮੌਕੇ ’ਤੇ ਜਾਵੇਗੀ ਅਤੇ ਜਾਂਚ ਕਰ ਕੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪੇਗੀ, ਜਿਸ ਦੇ ਆਧਾਰ ’ਤੇ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ। ਉਨਾਂ ਦੱਸਿਆ ਕਿ ਬੀਤੇ ਦਿਨ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਇਤਿਹਾਸਕ ਗੁਰਦੁਆਰਾ ਸ੍ਰੀ ਨਾਨਕ ਮੱਤਾ ਵਿਖੇ ਮੱਥਾ ਟੇਕਣ ਲਈ ਗਏ ਸਨ। ਉਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਕਥਿਤ ਤੌਰ ’ਤੇ ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਸੀ। ਉਨ੍ਹਾਂ ਦਾ ਸਵਾਗਤ ਕਰਨ ਲਈ ਗੁਰਦੁਆਰਾ ਕੈਂਪਸ ਦੇ ਅੰਦਰ ਕਥਿਤ ਤੌਰ ’ਤੇ ਕੁੜੀਆਂ ਨੂੰ ਰਵਾਇਤੀ ਪਹਾੜੀ ਪੌਸ਼ਾਕ ਵਿੱਚ ਨ੍ਰਿਤ ਕਰਵਾਇਆ ਗਿਆ ਤੇ ਗੁਰਦੁਆਰੇ ਵਿਚ ਚੱਲ ਰਹੀ ਗੁਰਬਾਣੀ ਨੂੰ ਵੀ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਕੈਂਪਸ ਵਿੱਚ ਹੀ ਕਥਿਤ ਤੌਰ ’ਤੇ ਭਾਜਪਾ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਇਸ ਸਬੰਧੀ ਦਸਤਾਵੇਜ਼ੀ ਸਬੂਤ ਵਜੋਂ ਕੁਝ ਵੀਡੀਓਜ਼ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਮਰਿਆਦਾ ਦੀ ਇਸ ਤਰ੍ਹਾਂ ਦੀ ਉਲੰਘਣਾ ਦਾ ਗੰਭੀਰ ਨੋਟਿਸ ਲਿਆ ਹੈ।