ਪੁਣੇ, 7 ਜੂਨ
ਜ਼ਿਲ੍ਹੇ ਦੇ ਉਦਯੋਗਿਕ ਖੇਤਰ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਵਿਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਹੁਣ ਤਕ 12 ਲਾਸ਼ਾਂ ਬਰਾਮਦ ਹੋਈਆਂ ਹਨ ਤੇ 20 ਵਿਅਕਤੀਆਂ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਹੈ। ਪੀ.ਐੱਮ.ਆਰ.ਡੀ.ਏ. ਫਾਇਰ ਸਰਵਿਸਿਜ਼ ਦੇ ਚੀਫ ਫਾਇਰ ਅਫਸਰ ਦੇਵੇਂਦਰ ਪੋਟਫੋਡੇ ਨੇ ਕਿਹਾ ਕਿ ਹੁਣ ਤਕ ਦਰਜਨ ਦੇ ਕਰੀਬ ਲਾਸ਼ਾਂ ਬਰਾਮਦ ਹੋਈਆਂ ਹਨ ਤੇ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਫੈਕਟਰੀ ਵਿੱਚ ਸੈਨੇਟਾਈਜ਼ਰ ਬਣਾਇਆ ਜਾ ਰਿਹਾ ਸੀ। ਮਿ੍ਤਕਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੀ ਇਕ ਫੈਕਟਰੀ ਵਿੱਚ ਮਜ਼ਦੂਰਾਂ ਦੀ ਹੋਈ ਮੌਤ ’ਤੇ ਦੁੱਖ ਪ੍ਰਗਟਾਇਆ ਅਤੇ ਮਿ੍ਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।