ਨਵੀਂ ਦਿੱਲੀ, 3 ਮਈ
ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਗਰਮੀ ਦੀ ਲਹਿਰ ਨਹੀਂ ਹੋਵੇਗੀ। ਉੱਤਰੀ ਭਾਰਤ ਵਿੱਚ ਅਪਰੈਲ ਵਿੱਚ ਸਰਗਰਮ ਪੱਛਮੀ ਗੜਬੜੀਆਂ ਦੀ ਅਣਹੋਂਦ ਕਾਰਨ ਉੱਤਰੀ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਬਹੁਤ ਘੱਟ ਮੀਂਹ ਪਿਆ ਸੀ ਜਿਸ ਕਾਰਨ ਗਰਮੀ ਦੀ ਲਹਿਰ ਲੰਮਾ ਸਮਾਂ ਤਕ ਰਹੀ। ਇਸ ਕਾਰਨ ਪੱਛਮੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਦੱਖਣੀ ਹਰਿਆਣਾ-ਦਿੱਲੀ, ਪੱਛਮੀ ਮੱਧ ਪ੍ਰਦੇਸ਼ ਆਦਿ ਵਿਚ ਦਿਨ ਗਰਮ ਰਹੇ ਜਦਕਿ ਪੂਰਬੀ ਉਤਰ ਪ੍ਰਦੇਸ਼, ਪੂਰਬੀ-ਮੱਧ ਭਾਰਤ ਘੱਟ ਗਰਮ ਰਹੇ।
ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਚਾਰ ਦਿਨ ਹਿਮਾਚਲ ਪ੍ਰਦੇਸ਼ ਵਿਚ ਭਰਵਾਂ ਮੀਂਹ ਪਵੇਗਾ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਸ਼ਿਮਲਾ ਵਿਚ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਉਤਰੀ ਭਾਰਤ ਵਿਚ ਪਿਛਲੇ ਦਿਨੀਂ ਭਰਵੀਂ ਗਰਮੀ ਪੈਣ ਕਾਰਨ ਲੋਕਾਂ ਨੇ ਪਹਾੜੀ ਖੇਤਰਾਂ ਨੂੰ ਵਹੀਰਾਂ ਘੱਤੀਆਂ ਸਨ। ਚੰਡੀਗੜ੍ਹ ਤੋਂ ਸ਼ਿਮਲਾ ਜਾਣ ਵਾਲੀ ਰੇਲ ਗੱਡੀ ਵੀ ਦੋ ਜੂਨ ਤਕ ਬੁੱਕ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਲੋਕਾਂ ਦੇ ਪਹਾੜੀ ਖੇਤਰਾਂ ਵੱਲ ਜਾਣ ਦਾ ਅਨੁਮਾਨ ਹੈ।