ਸ਼ਿਮਲਾ, 11 ਅਗਸਤ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਬੱਦਲ ਫਟਣ ਬਾਅਦ ਪਏ ਤੇਜ਼ ਮੀਂਹ ਵਿੱਚ ਦਸ ਦੁਕਾਨਾਂ ਅਤੇ ਤਿੰਨ ਵਾਹਨ ਰੁੜ੍ਹ ਗਏ। ਪੁਲੀਸ ਅਨੁਸਾਰ ਅਨੀ ਸਬਡਿਵੀਜ਼ਨ ਦੇ ਚੋਵਾਈ ਇਲਾਕੇ ਦੇ ਖਾਦੇੜ ਪਿੰਡ ਇਕ ਮਕਾਨ ਡਿੱਗਣ ਕਾਰਨ ਇਕ ਬਿਰਧ ਔਰਤ ਤੇ ਮੁਟਿਆਰ ਦੀ ਮੌਤ ਹੋ ਗਈ। ਕੁੱਲੂ ਅਤੇ ਮੰਡੀ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਕਿਨਾਰੇ ਨਾ ਜਾਣ ਦੀ ਸਲਾਹ ਦਿੱਤੀ ਹੈ। ਸੂਬਾਈ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਵਤੀ ਵਿੱਚ ਖੜ੍ਹੀ ਇਕ ਪੁਰਾਣੀ ਬੱਸ ਅਤੇ ਪੰਚਾਇਤੀ ਇਮਾਰਤ ਦੇ ਰੁੜ੍ਹਨ ਦਾ ਵੀ ਖ਼ਤਰਾ ਹੈ। ਹਾਲਾਤ ਦਾ ਜਾਇਜ਼ਾ ਲੈਣ ਲਈ ਮਾਲੀਆ ਵਿਭਾਗ ਦੇ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਹਨ। ਇਸੇ ਦੌਰਾਨ ਮੰਡੀ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਰੋਕ ਦਿੱਤੀ ਗਈ ਹੈ। -ਏਜੰਸੀ