
ਜ਼ੱਚੇ-ਬੱਚੇ ਨਾਲ ਤੇਜਸਵੀ, ਲਾਲੂ ਯਾਦਵ ਅਤੇ ਰਾਬੜੀ ਦੇਵੀ। -ਫੋਟੋ:ਪੀਟੀਆਈ
ਪਟਨਾ, 27 ਮਾਰਚ
ਰਾਸ਼ਟਰੀ ਜਨਤਾ ਦਲ ਦੇ ਖੇਮੇ ਵਿੱਚ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਇਹ ਖ਼ਬਰ ਫੈਲੀ ਕਿ ਪਾਰਟੀ ਨੇਤਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਿਤਾ ਬਣ ਗਏ ਹਨ। ਤੇਜਸਵੀ ਯਾਦਵ ਸੀਬੀਆਈ ਪੁੱਛ-ਪੜਤਾਲ ਕਾਰਨ ਪਿਛਲੇ ਹਫ਼ਤੇ ਤੋਂ ਆਪਣੀ ਪਤਨੀ ਰਾਜਸ੍ਰੀ ਨਾਲ ਦਿੱਲੀ ਰੁਕੇ ਸਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਨਵ-ਜੰਮੀ ਬੱਚੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਤੇਜਸਵੀ ਤੋਂ 25 ਮਾਰਚ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਅੱਠ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਗਈ, ਜਦਕਿ ਈਡੀ ਨੇ ਰੇਲਵੇ ਵਿੱਚ ਨੌਕਰੀ ਲਈ ਜ਼ਮੀਨ ਘੁਟਾਲੇ ਸਬੰਧੀ ਉਨ੍ਹਾਂ ਦੀ ਭੈਣ ਅਤੇ ਸੰਸਦ ਮੈਂਬਰ ਮੀਸਾ ਭਾਰਤੀ ਤੋਂ ਛੇ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਰਾਜ ਵਿਧਾਨ ਸਭਾ ਵਿੱਚ ਭਾਸ਼ਨ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਉਨ੍ਹਾਂ ਦਾ ਪਲੇਠਾ ਬੱਚਾ ਧੀ ਹੋਵੇ। ਹਾਲਾਂਕਿ ਉੱਤਰੀ ਭਾਰਤ ਵਿੱਚ ਬਹੁਤੇ ਪਰਿਵਾਰ ਰਵਾਇਤੀ ਤੌਰ ’ਤੇ ਪੁੱਤ ਦੀ ਇਸ ਹੱਦ ਤੱਕ ਕਾਮਨਾ ਕਰਦੇ ਹਨ ਕਿ ਬੱਚੀਆਂ ਦੀ ਭਰੂਣ ਹੱਤਿਆ ਦੇ ਮਾਮਲੇ ਵੀ ਸਾਹਮਣੇ ਆਏ ਹਨ। ਅਜਿਹੇ ਸਮੇਂ ਦੌਰਾਨ ਯਾਦਵ ਦੇ ਬਿਆਨ ਦਾ ਸਵਾਗਤ ਕੀਤਾ ਗਿਆ। ਤੇਜਸਵੀ ਦੇ ਵੱਡੇ ਭਰਾ ਅਤੇ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਪਟਨਾ ਵਿੱਚ ਵਿਧਾਨ ਸਭਾ ਦੇ ਵਿਹੜੇ ਮਠਿਆਈ ਵੰਡ ਕੇ ਸਭ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ ‘ਵੱਡੇ ਪਾਪਾ’ ਬਣ ਗਏ ਹਨ। ਉਨ੍ਹਾਂ ਕਿਹਾ, ‘‘ਨਵਰਾਤਰੀ ਦੇ ਸ਼ੁਭ ਤਿਉਹਾਰ ਮੌਕੇ ਸਾਡੇ ਪਰਿਵਾਰ ਵਿੱਚ ਲਕਸ਼ਮੀ ਆਈ ਹੈ। ਹੁਣ ਸਾਰੀਆਂ ਪ੍ਰੇਸ਼ਾਨੀਆਂ ਖ਼ਤਮ ਹੋ ਜਾਣਗੀਆਂ।’’ ਵਿਧਾਨ ਸਭਾ ਤੋਂ ਕੁੱਝ ਹੀ ਦੂਰੀ ’ਤੇ ਸਥਿਤ ਪਾਰਟੀ ਦੇ ਬੀਰ ਚੰਦ ਪਟੇਲ ਮਾਰਗ ਦਫ਼ਤਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਨੇ ਖੁਸ਼ੀਆਂ ਮਨਾਈਆਂ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ