ਨਵੀਂ ਦਿੱਲੀ, 14 ਅਪਰੈਲ
ਕੋਵਿਡ-19 ਕੇਸਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਦੇ ਮੱਦੇਨਜ਼ਰ ਸੈਕੰਡਰੀ ਸਿੱਖਿਆ ਬਾਰੇ ਕੇਂਦਰੀ ਬੋਰਡ (ਸੀਬੀਐੱਸਈ) ਨੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਬੋਰਡ ਪ੍ਰੀਖਿਆਵਾਂ ਬਾਰੇ ਇਹ ਅਹਿਮ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ’ਚ ਲਿਆ ਗਿਆ ਹੈ। ਸੀਬੀਐੱਸਈ ਦੇ ਇਸ ਫੈਸਲੇ ਨਾਲ ਦੇਸ਼ ਭਰ ’ਚ 21 ਲੱਖ ਤੋਂ ਵੱਧ ਵਿਦਿਆਰਥੀ ਅਸਰਅੰਦਾਜ਼ ਹੋਣਗੇ। ਉਂਜ ਇਹ ਪਹਿਲੀ ਵਾਰ ਹੈ ਜਦੋਂ ਸੀਬੀਐੱਸਈ ਨੇ ਆਪਣੇ ਵੱਲੋਂ ਲਈਆਂ ਜਾਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਹੈ। ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਵਿੱਚ ਭੜਕੇ ਦੰਗਿਆਂ ਤੇ ਕੋਵਿਡ-19 ਕੇਸਾਂ ਕਰ ਕੇ ਬੋਰਡ ਪ੍ਰੀਖਿਆਵਾਂ ਨੂੰ ਅੰਸ਼ਕ ਤੌਰ ’ਤੇ ਰੱਦ ਕੀਤਾ ਸੀ। ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਲਈ ਕੁੱਲ 21.5 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਉਧਰ ਸਕੂਲ ਪ੍ਰੀਖਿਆਵਾਂ ਲਈ ਇਕ ੋਰ ਉੱਘੇ ਕੌਮੀ ਬੋਰਡ ਸੀਆਈਸੀਐੱਸਈ ਨੇ ਕਿਹਾ ਕਿ ਉਸ ਵੱਲੋਂ ਹਾਲਾਤ ’ਤੇ ਨਜ਼ਰਸਾਨੀ ਜਾਰੀ ਹੈ ਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਸਿੱਖਿਆ ਮੰਤਰਾਲੇ ਨੇ ਅਧਿਕਾਰੀ ਨੇ ਕਿਹਾ, ‘12ਵੀਂ ਜਮਾਤ ਲਈ 4 ਮਈ ਤੋਂ 14 ਜੂਨ ਤੱਕ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕੀਤਾ ਜਾਂਦਾ ਹੈ। ਇਹ ਪ੍ਰੀਖਿਆਵਾਂ ਹੁਣ ਬਾਅਦ ਵਿੱਚ ਹੋਣਗੀਆਂ। ਬੋਰਡ ਵੱਲੋਂ ਪਹਿਲੀ ਜੂਨ ਨੂੰ ਹਾਲਾਤ ’ਤੇ ਨਜ਼ਰਸਾਨੀ ਮਗਰੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਦੀ ਤਫ਼ਸੀਲ ਸਾਰਿਆਂ ਨਾਲ ਸਾਂਝੀ ਕੀਤੀ ਜਾਵੇਗੀ। ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਘੱਟੋ-ਘੱਟ 15 ਦਿਨ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।’ ਅਧਿਕਾਰੀ ਨੇ ਕਿਹਾ, ‘ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਂਦਾ ਹੈ। 10ਵੀਂ ਦਾ ਨਤੀਜਾ ਬੋਰਡ ਵੱਲੋਂ ਤਿਆਰ ਮਾਪਦੰਡਾਂ ਦੇ ਅਧਾਰ ’ਤੇ ਤਿਆਰ ਕੀਤਾ ਜਾਵੇਗਾ। ਜੇਕਰ ਕੋਈ ਵਿਦਿਆਰਥੀ ਉਸ ਨੂੰ ਦਿੱਤੇ ਅੰਕਾਂ ਤੋਂ ਸੰਤੁਸ਼ਟ ਨਹੀਂ ਤਾਂ ਉਸ ਨੂੰ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ, ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਹਾਲਾਤ ਪ੍ਰੀਖਿਆ ਲੈਣ ਲਈ ਸਾਜ਼ਗਾਰ ਹੋਣਗੇ।’ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਈ ਇਸ ਮੀਟਿੰਗ ਵਿੱਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਕੈਬਨਿਟ ਸਕੱਤਰ, ਸਕੂਲ ਤੇ ਉੱਚ ਸਿੱਖਿਆ ਸਕੱਤਰਾਂ ਤੋਂ ਇਲਾਵਾ ਹੋਰ ਸਿਖਰਲੇ ਅਧਿਕਾਰੀ ਮੌਜੂਦ ਸਨ।
ਸਿੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, ‘ਪਿਛਲੇ ਕੁਝ ਦਿਨਾਂ ਵਿੱਚ ਕਈ ਰਾਜਾਂ ਵਿੱਚ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਨ੍ਹਾਂ ਹਾਲਾਤ ਵਿੱਚ 11 ਰਾਜਾਂ ਵਿੱਚ ਸਕੂਲ ਬੰਦ ਕੀਤੇ ਜਾ ਚੁੱਕੇ ਹਨ। ਹੋਰਨਾਂ ਸੂਬਾਈ ਬੋਰਡਾਂ ਤੋਂ ਉਲਟ ਸੀਬੀਐੱਸਈ ਦਾ ਪੂਰੇ ਦੇਸ਼ ਵਿੱਚ ਆਧਾਰ ਹੈ, ਲਿਹਾਜ਼ਾ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਪੂਰੇ ਦੇਸ਼ ਵਿੱਚ ਇਕੋ ਵੇਲੇ ਪ੍ਰੀਖਿਆਵਾਂ ਲਈਆਂ ਜਾਣ। ਮਹਾਮਾਰੀ ਦੇ ਮੌਜੂਦਾ ਹਾਲਾਤ ਤੇ ਬੰਦ ਪਏ ਸਕੂਲਾਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਉਪਰੋਕਤ ਫੈਸਲੇ ਲਏ ਗਏ ਹਨ।’ ਕਾਬਿਲੇਗੌਰ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਸਮੇਤ ਹੋਰਨਾਂ ਸਫ਼ਾਂ ’ਚੋਂ ਕੋਵਿਡ-19 ਦੇ ਵਧਦੇ ਕੇਸਾਂ ਦੇ ਹਵਾਲੇ ਨਾਲ ਬੋਰਡ ਪ੍ਰੀਖਿਆਵਾਂ ਰੱਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਕਾਂਗਰਸੀ ਆਗੂ ਰਾਹੁਲ ਗਾਂਧੀ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ ਕਈ ਆਗੂਆਂ ਨੇ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ। ਸ਼ਿਵ ਸੈਨਾ ਨੇ ਵੀ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦੇਸ਼ ਪੱਧਰ ’ਤੇ ਸਹਿਮਤੀ ਬਣਾਉਣ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਕ ਆਨਲਾਈਨ ਪਟੀਸ਼ਨ ’ਤੇ ਸਹੀ ਪਾ ਕੇ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਵੱਖਰੇ ਤੌਰ ’ਤੇ ਮੰਗ ਕੀਤੀ ਸੀ। ਪਿਛਲੇ ਇਕ ਹਫ਼ਤੇ ਤੋਂ ਟਵਿੱਟਰ ’ਤੇ ਹੈਸ਼ਟੈਗ ‘ਕੈਂਸਲਬੋਰਡਐਗਜ਼ਾਮ’ ਟਰੈਂਡ ਕਰ ਰਿਹਾ ਸੀ। ਮਹਾਰਾਸ਼ਟਰ, ਯੂਪੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ ਪਹਿਲਾਂ ਹੀ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਫੇਰਬਦਲ ਦਾ ਐਲਾਨ ਕਰ ਚੁੱਕੇ ਹਨ।
ਇਸ ਦੌਰਾਨ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰੀਖਿਆ ਸ਼ਡਿਊਲ ਨੂੰ ਅੱਗੇ ਪਾਉਣ ’ਤੇ ਵੱਡੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ ਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਰੱਦ ਕੀਤੀਆਂ ਜਾਣ ਜਾਂ ਫਿਰ ਜਲਦੀ ਹੀ ਸ਼ਡਿਊਲ ਦਾ ਐਲਾਨ ਕੀਤਾ ਜਾਵੇ ਤਾਂ ਕਿ ਵਿਦਿਆਰਥੀਆਂ ਦੇ ਫ਼ਿਕਰਾਂ ਨੂੰ ਘਟਾਇਆ ਜਾ ਸਕੇ।
-ਪੀਟੀਆਈ
ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਿੱਖਿਆ ਬੋਰਡਾਂ ਵੱਲੋਂ ਵੀ ਪ੍ਰੀਖਿਆਵਾਂ ਮੁਲਤਵੀ
ਜੈਪੁਰ/ਬੰਗਲੂਰੂ/ਭੋਪਾਲ/ਕੋਲਕਾਤਾ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਰਾਜਸਥਾਨ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਆਰਬੀਐੱਸਈ ਅਜਮੇਰ ਨੇ 8, 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਸਾਰੇ ਫੈਸਲੇ ਕੋਵਿਡ-19 ਦੇ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਸਰਾ ਨਾਲ ਸਲਾਹ ਮਸ਼ਵਰੇ ਮਗਰੋਂ ਲਏ ਹਨ। ਇਸ ਦੌਰਾਨ ਕਰਨਾਟਕ ਦੀ ਯੇਦੀਯੁਰੱਪਾ ਸਰਕਾਰ ਨੇ ਕਿਹਾ ਕਿ ਉਸ ਨੇ 10ਵੀਂ ਜਮਾਤ ਦੀਆਂ ਸੂਬਾਈ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਸੂਬੇ ਦੇ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਮੰਤਰੀ ਐੱਸ.ਸੁਰੇਸ਼ ਕੁਮਾਰ ਨੇ ਇਕ ਬਿਆਨ ਵਿੱਚ ਕਿਹਾ ਕਿ ਸੈਕੰਡਰੀ ਸਕੂਲ ਲੀਵਿੰਗ ਸਰਟੀਫਿਕੇਟ ਪ੍ਰੀਖਿਆ 21 ਜੂਨ ਨੂੰ ਹੋਵੇਗੀ। ਚੇਤੇ ਰਹੇ ਕਿ ਕਰਨਾਟਕ ਉਨ੍ਹਾਂ ਕੁਝ ਰਾਜਾਂ ਵਿੱਚ ਸ਼ੁਮਾਰ ਹੈ ਜਿਸ ਨੇ ਪਿਛਲੇ ਸਾਲ ਕਰੋਨਾ ਕੇਸ ਦੀ ਸਿਖਰ ਦੇ ਬਾਵਜੂਦ 10ਵੀਂ ਤੇ ਦੂਜੇ ਸਾਲ ਦੀਆਂ ਪ੍ਰੀ-ਯੂਨੀਵਰਸਿਟੀ ਪ੍ਰੀਖਿਆਵਾਂ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਿਆ ਸੀ। ਉਧਰ ਮੱਧ ਪ੍ਰਦੇਸ਼ ਬੋਰਡ ਆਫ਼ ਸੈਕੰਡਰੀ ਸਿੱਖਿਆ ਨੇ ਵੀ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਦੇ ਹਵਾਲੇ ਨਾਲ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਸੂਬੇ ਵਿੱਚ ਹਾਈ ਸਕੂਲ, ਹਾਇਰ ਸੈਕੰਡਰੀ ਤੇ ਵੋਕੇਸ਼ਨਲ ਕੋਰਸਾਂ ਲਈ ਪ੍ਰੀਖਿਆਵਾਂ 30 ਅਪਰੈਲ ਤੇ 1 ਮਈ ਨੂੰ ਸ਼ੁਰੂ ਹੋਣੀਆਂ ਸੀ। ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਅੱਜ ਕਿਹਾ ਕਿ ਕਰੋਨਾ ਕੇਸਾਂ ਦੇ ਵਧਦੇ ਗ੍ਰਾਫ ਨੂੰ ਵੇਖਦਿਆਂ ਉਸ ਲਈ ਵਿਦਿਆਰਥੀਆਂ ਦੀ ਸਿਹਤ ਪਹਿਲੀ ਤਰਜੀਹ ਹੈ। ਸੂਬਾਈ ਚੋਣਾਂ ਵਿੱਚ ਰੁੱਝੇ ਸਿੱਖਿਆ ਮੰਤਰੀ ਪਾਰਥਾ ਚੈਟਰਜੀ ਨੇ ਕਿਹਾ ਕਿ ਜੂਨ ਵਿੱਚ ਹੋਣ ਵਾਲੀਆਂ ਹਾਇਰ ਸੈਕੰਡਰੀ ਤੇ ਸੈਕੰਡਰੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੀ ਸਿਹਤ ਸੂਬਾ ਸਰਕਾਰ ਲਈ ਸਿਖਰਲੀ ਤਰਜੀਹ ਹੋਵੇਗੀ ਤੇ ਹਾਲਾਤ ਮੁਤਾਬਕ ਹੀ ਢੁੱਕਵਾਂ ਫੈਸਲਾ ਲਿਆ ਜਾਵੇਗਾ।
-ਪੀਟੀਆਈ
12ਵੀਂ ਦੀਆਂ ਪ੍ਰੀਖਿਆਵਾਂ ਵੀ ਰੱਦ ਹੋਣ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੀਬੀਐੱਸਈ ਨੇ ਜਿਵੇਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕੀਤੀਆਂ ਹਨ, ਠੀਕ ਉਸੇ ਤਰਜ਼ ’ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਵੀ ਰੱਦ ਹੋਣ। ਪ੍ਰਿਯੰਕਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜੂਨ ਤੱਕ ‘ਦਬਾਅ ਵਿੱਚ ਰੱਖਣਾ’ ਪੱਖਪਾਤੀ ਹੈ। ਕਾਂਗਰਸ ਦੀ ਜਨਰਲ ਸਕੱਤਰ ਨੇ ਇਕ ਟਵੀਟ ’ਚ ਕਿਹਾ, ‘ਖ਼ੁਸ਼ੀ ਹੋਈ ਕਿ ਸਰਕਾਰ ਨੇ ਆਖਿਰ ਨੂੰ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। 12ਵੀਂ ਜਮਾਤ ਲਈ ਵੀ ਅੰਤਿਮ ਫੈਸਲਾ ਲਿਆ ਜਾਵੇ। ਵਿਦਿਆਰਥੀਆਂ ਨੂੰ ਜੂਨ ਤੱਕ ਦਬਾਅ ਵਿੱਚ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਇਹ ਪੱਖਪਾਤੀ ਹੈ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਹੁਣੇ ਫੈਸਲਾ ਲਏ।’ ਚੇਤੇ ਰਹੇ ਕਿ ਪ੍ਰਿਯੰਕਾ ਗਾਂਧੀ ਨੇ ਲੰਘੇ ਦਿਨ ਸਿੱਖਿਆ ਮੰਤਰੀ ਨੂੰ ਲਿਖੇ ਪੱਤਰ ਇਹ ਕਹਿੰਦਿਆਂ ਸੀਬੀਐੱਸਈ ਬੋਰਡ ਪ੍ਰੀਖਿਆਵਾਂ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ ਕਿ ਭੀੜ-ਭੜੱਕੇ ਵਾਲੇ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਨਾਮੁਮਕਿਨ ਹੋਵੇਗਾ। -ਪੀਟੀਆਈ
ਵਿਦਿਆਰਥੀਆਂ ਤੇ ਮਾਪਿਆਂ ਲਈ ਵੱਡੀ ਰਾਹਤ: ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਐੱਸਈ ਦੀਆਂ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਬੋਰਡ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ। ਕੇਜਰੀਵਾਲ ਨੇ ਟਵੀਟ ਕੀਤਾ, ‘ਪ੍ਰੀਖਿਆਵਾਂ ਰੱਦ/ਮੁਲਤਵੀ ਕੀਤੇ ਜਾਣ ਦੇ ਫੈਸਲੇ ਤੋਂ ਖ਼ੁਸ਼ ਹਾਂ। ਲੱਖਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡੀ ਰਾਹਤ ਮਿਲੇਗੀ।’